ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ: ਡਾ ਡਮਾਣਾ
ਹੁਸ਼ਿਆਰਪੁਰ 20 ਮਈ 2024: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਐਸਡੀਐਚ ਦਸੂਹਾ ਦਾ ਦੌਰਾ ਕੀਤਾ ਗਿਆ। ਡਾ. ਡਮਾਣਾ ਵਲੋਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦਸੂਹਾ ਦੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ ਗਈ। ਐਸਐਮਓ ਡਾ ਜਸਵਿੰਦਰ ਸਿੰਘ ਸਮੇਤ ਸਾਰਾ ਸਟਾਫ ਆਪਣੀ ਡਿਊਟੀ ਤੇ ਹਾਜ਼ਰ ਸੀ।
ਉਪਰੰਤ ਡਾ ਡਮਾਣਾ ਵੱਲੋਂ ਡਾ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ ਓਪੀਡੀ ਏਰੀਏ ਵਿੱਚ ਗਰਮੀ ਦੇ ਇਸ ਮੌਸਮ ਵਿੱਚ ਪੀਣ ਵਾਲੇ ਪਾਣੀ ਅਤੇ ਪੱਖਿਆਂ ਦੀ ਸਹੂਲਤ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁੱਛਿਆ ਗਿਆ। ਉਨ੍ਹਾਂ ਮੈਡੀਸਨ ਸਟੋਰ ਅਤੇ ਫਾਰਮੇਸੀ ਦਾ ਜਾਇਜ਼ਾ ਲੈਂਦੇ ਹੋਏ ਦਵਾਈਆਂ ਦੀ ਉਪਲਬੱਧਤਾ ਦੀ ਜਾਂਚ ਕੀਤੀ ਅਤੇ ਫਾਰਮੇਸੀ ਦੀਆਂ ਲਾਈਨਾਂ ਵਿੱਚ ਲੱਗੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਦਵਾਈਆਂ ਬਾਰੇ ਸਮੀਖਿਆ ਕੀਤੀ।
ਤਾਪਮਾਨ ਵਧਣ ਕਰਕੇ ਲੂ ਲੱਗਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਹਨਾਂ ਮਰੀਜ਼ਾਂ ਦੇ ਇਲਾਜ ਲਈ ਬਣਾਏ ਗਏ ਹੀਟ ਸਟਰੋਕ ਵਾਰਡ ਦਾ ਵੀ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਨਿਰੀਖਣ ਕੀਤਾ ਗਿਆ। ਜਿਸਦੇ ਲਈ ਅਲਗ ਡਾਕਟਰ ਅਤੇ ਸਟਾਫ ਦੀ ਡਿਊਟੀ ਲਗਾਈ ਗਈ ਹੈ ਅਤੇ ਨਾਲ ਹੀ ਓ.ਆਰ.ਐਸ ਕਾਰਨਰ ਵੀ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਪ੍ਰਬੰਧਾਂ ਲਈ ਡਾ ਡਮਾਣਾ ਨੇ ਤਸੱਲੀ ਪਰਗਟਾਈ।
ਡਾ ਡਮਾਣਾ ਨੇ ਐਸਐਮਓ ਤੋਂ ਦਸੂਹਾ ਐਸਡੀਐਚ ਵਿੱਚ ਮਰੀਜ਼ਾਂ ਦੀ ਸੰਖਿਆ ਜਿਆਦਾ ਹੋਣ ਕਰਕੇ ਫਾਰਮੇਸੀ ਅਫਸਰਾਂ ਅਤੇ ਕੰਪਿਊਟਰ ਓਪਰੇਟਰਾਂ ਦੀ ਹੋਰ ਲੋੜ ਹੋਣ ਬਾਰੇ ਵੀ ਪੁੱਛਿਆ ਅਤੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੀ ਭੁਪਿੰਦਰ ਸਿੰਘ ਵੀ ਮੌਜੂਦ ਸਨ।