ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਪਿੰਡ ਖਿਆਲਾ ਬੁਲੰਦਾ ਦਾ ਅਗਾਂਹਵਧੂ ਕਿਸਾਨ ਸੁਖਪ੍ਰੀਤ ਸਿੰਘ
ਹੁਸ਼ਿਆਰਪੁਰ, 6 ਮਾਰਚ: ਹੁਸ਼ਿਆਰਪੁਰ ਦੇ ਬਲਾਕ ਭੂੰਗਾ ਦੇ ਪਿੰਡ ਖਿਆਲਾ ਬੁਲੰਦਾ ਦਾ ਕਿਸਾਨ ਸੁਖਪ੍ਰੀਤ ਸਿੰਘ ਇਕ ਅਗਾਂਹਵਧੂ ਕਿਸਾਨ ਹੈ ਅਤੇ ਕਰੀਬ 80 ਏਕੜ ਵਿਚ ਖੇਤੀ ਕਰਦਾ ਹੈ। ਸੁਖਪ੍ਰੀਤ ਸਿੰਘ ਦੱਸਦੇ ਹਨ ਕਿ ਉਹ 15-18 ਏਕੜ ਵਿਚ ਕਣਕ ਅਤੇ ਝੋਨੇ ਦੀ ਬਿਜਾਈ ਅਤੇ ਬਾਕੀ ਜ਼ਮੀਨ ਵਿਚ ਕਮਾਦ, ਮਟਰ ਤੇ ਸਰਸੋਂ ਦੀ ਬਿਜਾਈ ਕਰਦੇ ਹਨ ਅਤੇ ਪਿਛਲੇ 4 ਸਾਲਾਂ ਤੋਂ ਪਰਾਲੀ ਦੀ ਸੰਭਾਲ ਉਹ ਖੇਤਾਂ ਵਿਚ ਬਹਾਈ ਕਰਕੇ ਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹੋਰ ਕਿਸਾਨਾਂ ਦੇ ਖੇਤਾਂ ਵਿਚ ਵੀ ਪਰਾਲੀ ਦੀ ਸੰਭਾਲ ਵਿਚ ਯੋਗਦਾਨ ਦਿੰਦੇ ਹਨ ਅਤੇ ਮਲਚਰ, ਸੁਪਰ ਸੀਡਲ ਆਦਿ ਮਸ਼ੀਨਰੀ ਕਿਸਾਨਾਂ ਨੂੰ ਕਿਰਾਏ ’ਤੇ ਉਪਲਬੱਧ ਕਰਵਾਉਂਦਾ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪੁਰਾਣੇ ਖੇਤੀ ਢੰਗਾਂ ਤੋਂ ਬਾਹਰ ਨਿਕਲ ਕੇ ਆਧੁਨਿਕ ਖੇਤੀ ਦੀ ਰਾਹ ’ਤੇ ਚੱਲਦਿਆਂ ਅਗਾਂਹਵਧੂ ਕਿਸਾਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਕਿਸਾਨ ਸੁਖਪ੍ਰੀਤ ਸਿੰਘ ਵਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਖੇਤਾਂ ਵਿਚ ਹੀ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਪ੍ਰਬੰਧਨ ਲਈ ਕ੍ਰਿਸ਼ੀ ਵਿਭਾਗ ਦੇ ਸਹਿਯੋਗ ਨਾਲ ਆਧੁਨਿਕ ਮਸ਼ੀਨਾਂ ਕਿਰਾਏ ’ਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਨਾੜ ਨੂੰ ਅੱਗ ਨਾ ਲਗਾ ਕੇ ਝੋਨੇ ਅਤੇ ਹੋਰ ਫ਼ਸਲਾਂ ਦੀ ਬਿਜਾਈ ਕਰਨ ਲਈ ਅੱਗੇ ਆਉਣ, ਤਾਂ ਜੋ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਵਾਤਾਵਰਣ ਅਤੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ।
ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਵਲੋਂ 160 ਏਕੜ ਵਿਚ ਸੁਪਰ ਸੀਡਰ ਨਾਲ ਪਰਾਲੀ ਨੂੰ ਖੇਤਾਂ ਵਿਚ ਮਿਲਾਇਆ ਗਿਆ। ਉਨ੍ਹਾਂ ਅਨੁਸਾਰ ਸੁਪਰ ਸੀਡਰ ਨਾਲ ਬਿਨਾ ਬਹਾਈ ਕੀਤੇ ਕਣਕ ਦੀ ਬਿਜਾਈ ਬਹੁਤ ਹੀ ਆਸਾਨ ਢੰਗ ਨਾਲ ਘੱਟ ਲਾਗਤ ਵਿਚ ਹੋ ਜਾਂਦੀ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ। ਪਰਾਲੀ ਜਮੀਨ ਵਿਚ ਮਿਲਾਉਣ ਨਾਲ ਜ਼ਮੀਨ ਪੋਲੀ ਹੋ ਜਾਂਦੀ ਹੈ ਅਤੇ ਜੈਵਿਕ ਮਾਦੇ ਵਿਚ ਵਾਧਾ ਹੋ ਜਾਂਦਾ ਹੈ। ਇਸ ਤਕਨੀਕ ਨਾਲ ਖੇਤ ਵਿਚ ਨਦੀਨਾਂ ਦੀ ਸਮੱਸਿਆ ਨਾਮਾਤਰ ਦੇ ਬਰਾਬਰ ਦੇਖਣ ਨੂੰ ਮਿਲਦੀ ਹੈ ਅਤੇ ਨਦੀਨ ਨਾਸ਼ਕ ਦਾ ਖਰਚਾ ਵੀ ਬਹੁਤ ਘੱਟ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਕਮਾਦ ਦੀ ਫ਼ਸਲ ਦੀਆਂ ਖੋਰੀ ਦੀਆਂ ਗੱਠਾਂ ਬਣਾ ਕੇ ਉਸ ਨੂੰ ਸਾੜਨ ਦੀ ਬਜਾਏ ਹੋਰ ਉਦਯੋਗਾਂ ਨੂੰ ਵੇਚ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਪਰਾਲੀ ਨੂੰ ਜ਼ਮੀਨ ਵਿਚ ਸੰਭਾਲਣ ਨਾਲ ਸਾਡਾ ਆਪਣਾ ਲਾਭ ਹੁੰਦਾ ਹੈ ਅਤੇ ਵਾਤਾਵਰਣ ਵੀ ਸਾਫ਼ ਰਹਿੰਦਾ ਹੈ।