ਸਵੱਛ ਸਰਵੇਖਣ- 2025 ਤਹਿਤ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ’ਚ ਯੋਗਦਾਨ ਪਾਉਣ ਦੀ ਅਪੀਲ

ਹੁਸ਼ਿਆਰਪੁਰ, 21 ਫਰਵਰੀ ( ਹਰਪਾਲ ਲਾਡਾ ): ਕਮਿਸ਼ਨਰ ਨਗਰ ਨਿਗਮ ਡਾ: ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਵੱਛ ਸਰਵੇਖਣ ਦਾ ਆਗਾਜ਼ ਹੋ ਚੁੱਕਾ ਹੈ, ਜਿਸ ਵਿੱਚ ਭਾਰਤ ਦੇ ਵੱਖ– ਵੱਖ ਰਾਜਾਂ ਦੀਆਂ ਵੱਖ–ਵੱਖ ਯੂ.ਐੱਲ.ਬੀਜ਼ ਭਾਗ ਲੈਂਦੀਆਂ ਹਨ। ਨਗਰ ਨਿਗਮ ਵਲੋਂ ਇਸ ਵਾਰ ਸਵੱਛ ਸਰਵੇਖਣ ਤਹਿਤ ਵਾਟਰ ਪਲੱਸ ਅਤੇ ਜੀ.ਐਫ.ਸੀ. 3 ਸਟਾਰ ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਇਹ ਸਰਟੀਫਿਕੇਸ਼ਨ ਸ਼ਹਿਰ ਹੁਸ਼ਿਆਰਪੁਰ ਨੂੰ ਤਾ ਹੀ ਮਿਲ ਸਕਦਾ ਹੈ ਜੇਕਰ ਸ਼ਹਿਰਵਾਸੀ ਇਸ ਵਿੱਚ ਆਪਣਾ ਯੋਗਦਾਨ ਪਾਉਣ, ਜਿਸ ਤਹਿਤ ਸ਼ਹਿਰਵਾਸੀਆਂ ਵੱਲੋਂ ਆਪਣੇ ਘਰ/ਦੁਕਾਨ ਦਾ ਕੂੜਾ ਰੋਜਾਨਾ ਵੱਖ–ਵੱਖ (ਗਿੱਲਾ ਅਤੇ ਸੁੱਕਾ) ਕਰਕੇ ਆਪਣੇ ਏਰੀਏ ਦੇ ਸਫਾਈ ਕਰਮਚਾਰੀ ਨੂੰ ਦਿੱਤਾ ਜਾਵੇ ਅਤੇ ਇਸਨੂੰ ਖੁੱਲ੍ਹੇ ਵਿੱਚ ਕਿਸੇ ਪਲਾਟ ਜਾਂ ਨਾਲੇ ਵਿੱਚ ਨਾ ਸੁੱਟਿਆ ਜਾਵੇ, ਬਜਾਰ ਵਿੱਚ ਖਰੀਦਦਾਰੀ ਕਰਨ ਜਾਣ ਸਮੇਂ ਘਰ ਤੋਂ ਹੀ ਕੱਪੜੇ ਜਾਂ ਜੂਟ ਦੇ ਬਣਿਆ ਥੈਲਾ ਨਾਲ ਲੈ ਕੇ ਜਾਇਆ ਜਾਵੇ ਅਤੇ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਆਈਟਮਾਂ ਨੂੰ ਵਰਤੋਂ ਵਿੱਚ ਨਾ ਲਿਆਇਆ ਜਾਵੇ।


ਉਨ੍ਹਾਂ ਕਿਹਾ ਕਿ ਆਪਣੇ ਏਰੀਏ ਵਿੱਚ ਬਣੇ ਪਬਲਿਕ ਟੁਆਇਲਟਾਂ ਦੀ ਵਰਤੋਂ ਕਰਦੇ ਹੋਏ ਖੁੱਲ੍ਹੇ ਵਿੱਚ ਸ਼ੌਚ ਜਾਂ ਪਿਸ਼ਾਬ ਨਾ ਕੀਤਾ ਜਾਵੇ। ਸੀਵਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜਾ ਨਾ ਸੁੱਟਿਆ ਜਾਵੇ। ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤੇ ਇਨ੍ਹਾਂ ਦੀ ਸਾਂਭ–ਸੰਭਾਲ ਕੀਤੀ ਜਾਵੇ। ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਬਰਕਰਾਰ ਰੱਖਣ ਲਈ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦਾ ਭਰਪੂਰ ਯੋਗਦਾਨ ਪਾਇਆ ਜਾਵੇ।
