Amritsarਮਨੋਰੰਜਨ

ਰਾਸ਼ਟਰੀ ਰੰਗਮੰਚ ਉਤਸਵ ਦੇ ਸਤਵੇਂ ਦਿਨ ਨਾਟਕ “ਮਹਾਰਾਣੀ ਜ਼ਿੰਦਾ” ਕੀਤਾ ਗਿਆ ਪੇਸ਼

ਅੰਮ੍ਰਿਤਸਰ, 21 ਮਾਰਚ ( ਹਰਪਾਲ ਲਾਡਾ ): ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਸਤਵੇਂ ਦਿਨ ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਦੀ ਟੀਮ ਵਲੋਂ ਡਾ. ਆਤਮਾ ਸਿੰਘ ਗਿੱਲ ਦਾ ਲਿਖਿਆ ਅਤੇ ਈਮੈਨੁਅਲ ਸਿੰਘ ਦਾ ਨਿਰਦੇਸ਼ਤ ਕੀਤਾ ਨਾਟਕ “ਮਹਾਰਾਣੀ ਜ਼ਿੰਦਾ” ਵਿਰਸਾ ਵਿਹਾਰ ਦੇ ਭਾਅ ਜੀ ਗੁਰਸ਼ਰਨ ਸਿੰਘ ਓਪਨ ਏਅਰ ਥੀਏਟਰ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। 

ਨਾਟਕ ਬਾਰੇ Forever Queen ਮਹਾਰਾਣੀ ਜਿੰਦਾਂ ਨਾਟਕ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਖਿੱਤਾ ਸ਼ੁਰੂ ਤੋਂ ਹੀ ਜੰਗਾਂ-ਯੁੱਧਾਂ ਦਾ ਅਖਾੜਾ ਰਿਹਾ। ਘੁੱਗ ਵੱਸਦੇ ਪੰਜਾਬ ਅੰਦਰ ਕਦੇ ਵੀ ਸਦੀਵੀ ਸਥਿਰਤਾ ਨਹੀਂ ਰਹੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਉਹ ਸੂਰਜ ਪੰਜਾਬੀਆਂ ਲਈ ਚੜਿਆ ਜਿਸਦਾ ਨਿੱਘ ਪੰਜਾਬੀਆਂ ਨੇ ਅੱਧੀ ਸਦੀ ਤੱਕ ਮਾਣਿਆ। ਪੰਜਾਬ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਤੇ ਨਾ ਉਸ ਤੋਂ ਬਾਦ ਕਦੇ ਇੰਨਾ ਖੁਸ਼ਹਾਲ ਅਬਾਦ ਤੇ ਸਥਿਰ ਰਿਹਾ ਜਿੰਨਾ ਕਿ ਉਸ ਵੇਲੇ ਸੀ।

ਤਾਰੀਖ ਗਵਾਹ ਹੈ ਜਿੰਨੇ ਵੀ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਆਏ ਸਾਰੇ ਪੰਜਾਬ ਦੇ ਰਸਤਿਉਂ। ਮਹਾਰਾਜਾ ਰਣਜੀਤ ਸਿੰਘ ਉਹ ਪਹਿਲਾ ਪੰਜਾਬੀ ਸੂਰਮਾ ਹੈ ਜਿਸ ਦੇ ਲੋਹੇ ਦੀ ਸ਼ਾਨ ਨੇ ਦੱਰਾ-ਏ-ਖੈਬਰ ਵੱਲੋਂ ਆਉਂਦੇ ਹਮਲਾਵਰਾਂ ਦੇ ਰਾਹ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਜਿਸਨੂੰ ਸ਼ੇਰ-ਏ-ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ਉੱਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਸੀ। ਇੱਕ ਦੁਰਲੱਭ ਭੂ-ਰਣਨੀਤਕ ਦ੍ਰਿਸ਼ਟੀ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਕਾਬੁਲ ਕੰਧਾਰ, ਕਸ਼ਮੀਰ ਅਤੇ ਲੱਦਾਖ ਖੇਤਰਾਂ ਤੱਕ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖ਼ਾਲਸਾ ਰਾਜ ਦਾ ਇਕ ਨਾਨਕਸ਼ਾਹੀ ਸਿੱਕਾ 13 ਪੌਂਡ ਅਤੇ 36 ਡਾਲਰਾਂ ਦੇ ਬਰਾਬਰ ਸੀ। ਉਸਦੇ ਸਮੇਂ ਸਾਖਰਤਾ ਦਰ ਸਭ ਤੋਂ ਉੱਪਰ ਸੀ।

ਉਸਦੇ ਰਾਜ ਵਿੱਚ ਨਾ ਕਿਸੇ ਨੂੰ ਸਜ਼ਾ ਮਿਲੀ ਅਤੇ ਨਾ ਹੀ ਫਾਂਸੀ ਹੋਈ। ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ। ਅੰਗਰੇਜ਼ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੇਵਲ ਮਹਾਰਾਣੀ ਜਿੰਦਾਂ ਹੀ ਰਾਜ ਕਰਨ ਦੇ ਸਮਰੱਥ ਹੈ। ਇਸ ਲਈ ਉਹਨਾਂ ਨੇ ਚਲਾਕੀ ਨਾਲ ਮਹਾਰਾਣੀ ਤੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ।ਨਾਟਕ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਹੈ।

ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਈਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ। ਸ਼ਾਹ ਮੁਹੰਮਦ ਦੀ ਕਵਿਤਾ ਸਿੰਘਾਂ ਤੇ ਫਰੰਗੀਆਂ ਨੂੰ ਅਧਾਰ ਬਣਾ ਕੇ ਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾ ਕੇ, ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਕਵੀਸ਼ਰੀ ਦੀ ਵਿਧਾ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।

ਇਸ ਨਾਟਕ ਵਿੱਚ ਪ੍ਰਿਤਪਾਲ ਹੁੰਦਲ, ਈਮੈਨੂਅਲ ਸਿੰਘ, ਆਤਮਾ ਸਿੰਘ ਗਿੱਲ, ਗੁਰਪਿੰਦਰ ਕੌਰ, ਆਲਮ ਸਿੰਘ, ਰਵੀ ਕੁਮਾਰ, ਲਖਵਿੰਦਰ ਲੱਕੀ, ਸਾਹਿਲ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਮਰਕਸਪਾਲ, ਪ੍ਰਿਜਾਦੀਪ ਕੌਰ, ਜਸ਼ਨਪ੍ਰੀਤ ਸਿੰਘ, ਆਂਚਲ ਮਹਾਜਨ, ਨਿਕਿਤਾ, ਤਰਨ ਸਭਰਵਾਲ, ਸਮਰਿਧੀ ਕਪੂਰ, ਮੁਸਕਾਨ ਕੌਰ, ਸੁਰਭੀ, ਜੀਆ, ਗੁਰਲੀਨ ਕੌਰ, ਅਨਮੋਲ ਰਾਣਾ, ਪ੍ਰਿੰਸ, ਦਿਵਯਾਂਸ਼ੂ, ਸਚਿਨ ਸ਼ਰਮਾ, ਪ੍ਰਬੀਰ ਸਿੰਘ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ। ਇਸ ਮੌਕੇ ਕੇਵਲ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਅਦਾਕਾਰਾਂ ਅਨੀਤਾ ਦੇਵਗਨ, ਧਰਵਿੰਦਰ ਔਲਖ, ਗੁਰਤੇਜ ਮਾਨ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ। 

Related Articles

Leave a Reply

Your email address will not be published. Required fields are marked *

Back to top button

You cannot copy content of this page