ਭਾਜਪਾ ਉਮੀਦਵਾਰ ਦੇ ਰਾਹ ‘ਚ ਜ਼ਿਆਦਾ ਕੰਡੇ ਆਪਣਿਆਂ ਨੇ ਬੀਜੇ, ਪੱਤਰਕਾਰਾਂ ਦੀ ਨਰਾਜ਼ਗੀ ਵੀ ਬਣੀ ਹਾਰ ਦਾ ਵੱਡਾ ਕਾਰਣ

ਹੁਸ਼ਿਆਰਪਰ 5 ਜੂਨ (ਤਰਸੇਮ ਦੀਵਾਨਾ ): ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਫੇਰੀ ਦੇ ਬਾਵਜੂਦ ਵੀ ਭਾਜਪਾ ਦੀ ਰਾਹ ਕੰਡਿਆਂ ਨਾਲ ਭਰੀ ਰਹੀ, ਜਿਨ੍ਹਾਂ ਵਿੱਚੋਂ ਬਹੁਤੇ ਭਾਜਪਾ ਦੇ ਆਪਣਿਆਂ ਵੱਲੋਂ ਹੀ ਬੀਜੇ ਹੋਏ ਸਨ, ਇਸ ਦੇ ਚੱਲਦਿਆਂ ਭਾਜਪਾ ਦੀ ਹੁਸ਼ਿਆਰਪੁਰ ਵਿੱਚ ਵੱਡੀ ਹਾਰ ਹੋਈ ਅਤੇ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਦੇ ਲੋਕਾਂ ਨੇ ਝਾੜੂ ਨਾਲ ਹੂੰਝ ਕੇ ਰੱਖ ਦਿੱਤਾ । ਇਸ ਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ।
ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਲਈ ਵੱਡੀ ਚੁਣੌਤੀ ਭਾਜਪਾ ਦੇ ਇੱਕ ਸ਼ਕਤੀਸ਼ਾਲੀ ਧੜੇ ਵੱਲੋਂ ਪਾਰਟੀ ਉਮੀਦਵਾਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਕੇ ਬਾਕੀ ਧਿਰਾਂ ਦੀ ਪਹੁੰਚ ਬਿੱਲਕੁਲ ਖ਼ਤਮ ਕਰ ਦੇਣ ਦਾ ਮਾਹੌਲ ਬਣਿਆ ਰਿਹਾ। ਪਾਰਟੀ ਦੇ ਅੰਦਰਲੇ ਸੂਤਰਾਂ ਮੁਤਾਬਿਕ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਅਤੇ ਇਸ ਦੀ ਟੀਮ ਉਪਰ ਭਾਜਪਾ ਦੀ ਹੀ ਚੋਣ ਹਾਰੇ ਅਜਿਹੇ ਧੜੇ ਦਾ ਗਲਬਾ ਰਿਹਾ ਜੋ ਪਾਰਟੀ ਉਮੀਦਵਾਰ ਦੀ ਜਿੱਤ ਲਈ ਫਿਕਰਮੰਦ ਹੋਣ ਦੀ ਬਜਾਏ ਆਰਥਿਕ ਤੌਰ ‘ਤੇ ਵੱਧ ਤੋਂ ਵੱਧ ਨਿਚੋੜ ਕੇ ਆਪਣੀਆਂ ਝੋਲੀਆਂ ਭਰਨ ਲਈ ਮੋਟਾ ਮਾਲ ਇਕੱਠਾ ਕਰਨ ਦੀ ਦੌੜ ਵਿੱਚ ਲੱਗਾ ਰਿਹਾ ।


ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਖ਼ਬਰ ਮੁਤਾਬਿਕ ਭਾਜਪਾ ਦੇ ਇਸ ਧੜੇ ਦਾ ਮੰਤਰ ਇੱਕੋ ਸੀ “ਰਾਮ ਰਾਮ ਜਪਨਾ ਪਰਾਇਆ ਮਾਲ ਅਪਨਾ” ਜਿਸ ‘ਤੇ ਚੱਲਦਿਆਂ ਭਾਜਪਾ ਦੇ ਇਸ ਧੜੇ ਦੇ ਲੋਕ ਪੈਸੇ ਲਈ ਇੰਨੇ ਕਮਲੇ ਹੋਏ ਰਹੇ ਕਿ ਪਾਰਟੀ ਹਾਈਕਮਾਨ/ ਉਮੀਦਵਾਰ ਵੱਲੋਂ ਅਖਬਾਰਾਂ ਅਤੇ ਪੱਤਰਕਾਰਾਂ ਲਈ ਆਏ ਬੱਜਟ ਵਿਚੋਂ ਵੀ 75% ਪੈਸਾ ਉਮੀਦਵਾਰਾ ਵਲੋ ਲਗਾਏ ਗਏ ਮੀਡੀਆ ਇੰਚਾਰਜ ਹੀ ਹੜੱਪ ਗਏ। ਇੰਝ ਅਖਬਾਰਾਂ ਤੇ ਪੱਤਰਕਾਰਾਂ ਲਈ ਆਏ ਮੋਟੇ ਪੈਸੇ ਆਪਣੇ ਆਪ ਨੂੰ ਮੀਡੀਆ ਇੰਚਾਰਜ ਕਹਾਉਣ ਵਾਲੇ ਹੀ ਛੱਕ ਲਏ ਜਾਣ ਕਾਰਣ ਪੱਤਰਕਾਰਾਂ ਦੀ ਨਰਾਜ਼ਗੀ ਵੀ ਹਾਰ ਦਾ ਇੱਕ ਪ੍ਰਮੁੱਖ ਕਾਰਣ ਬਣੀ ।

ਭਾਜਪਾ ਦੇ ਹਾਰੇ ਹੋਏ ਧੜੇ ਦੇ ਲਾਲਚ ਦਾ ਆਲਮ ਇਹ ਸੀ ਕਿ ਪਿਛਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਸੋਮ ਪ੍ਰਕਾਸ਼ ਦੇ ਇਕੱਲੇ ਹੋਣ ਕਾਰਨ ਇਸ ਧੜੇ ਦੇ ਆਗੂਆਂ ਨੇ ਆਨੇ ਬਹਾਨੇ ਬੋਗਸ ਬਿੱਲਾਂ ਦੇ ਸਹਾਰੇ ਮੋਟਾ ਮਾਲ ਇਕੱਠਾ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਇਥੋਂ ਤੱਕ ਕਿ ਵੱਡੇ ਆਰਡਰ ਦੇ ਕੇ ਪੂਰੀ ਕੀਮਤ ਵਸੂਲ ਕਰ ਲਈ ਗਈ ਜਦਕਿ ਗਿਣਤੀ ਕਰਨ ਤੇ ਇਹ ਮਾਲ ਦਿੱਤੇ ਹੋਏ ਆਰਡਰ ਨਾਲੋਂ ਅੱਧਾ ਨਿਕਲਿਆ |
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਪਾਰਟੀ ਦੇ ਉਕਤ ਪ੍ਰਭਾਵਸ਼ਾਲੀ ਆਗੂ ਦੇ ਧੜੇ ਵੱਲੋਂ ਹੁਣ ਵੀ ਕੁੱਝ ਅਜਿਹੀ ਖੇਡ ਵਿੱਚ ਮਸਤ ਰਹੇ ਹੋਣ ਕਾਰਣ ਪਾਰਟੀ ਉਮੀਦਵਾਰ ਦੀ ਚੋਣ ਮੁਹਿੰਮ ਕਾਫੀ ਪਿੱਛੇ ਰਹਿ ਗਈ ਜਿਸ ਦਾ ਅੰਤ ਨੂੰ ਨੁਕਸਾਨ ਭਾਜਪਾ ਨੂੰ ਹੀ ਉਠਾਉਣਾ ਪਿਆ ਅਤੇ ਪਾਰਟੀ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ |