ਧਰਤੀ ਤੋ ਰੁੱਖਾ ਦੀ ਹੋ ਰਹੀ ਧੜਾਧੜ ਕਟਾਈ ਹੀ ਮਨੁੱਖ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਰਹੀ ਹੈ : ਰਣਜੀਤ ਰਾਣਾ
ਹੁਸ਼ਿਆਰਪੁਰ 20 ਜੂਨ ( ਤਰਸੇਮ ਦੀਵਾਨਾ ): ਧਰਤੀ ਤੇ ਵੱਧ ਰਹੇ ਪ੍ਰਦੂਸ਼ਣ,ਤਾਪਮਾਨ ਅਤੇ ਤੇਜ਼ੀ ਨਾਲ ਹੋ ਰਹੇ ਵਾਤਾਵਰਣ ਪਰਿਵਰਤਨ ਚਿੰਤਾ ਦਾ ਵਿਸ਼ਾ ਹਨ ਕਿਉਕਿ ਧਰਤੀ ਨੂੰ ਧਰਤੀ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸਨੇ ਸਾਨੂੰ ਜੀਵਨ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ਬਿਤਾਉਣ ਦੇ ਸਾਰੇ ਸਾਧਨ ਮੁਹੱਈਆ ਕਰਵਾਏ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਸਥਾਨਿਕ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਲੰਬੜਦਾਰ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਕੀਤਾ ।
ਉਹਨਾ ਕਿਹਾ ਕਿ ਮਨੁੱਖ ਇਸ ਧਰਤੀ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਨਹੀ ਹੈ। ਜਿਸ ਦੇ ਚੱਲਦਿਆਂ ਧਰਤੀ ਉਪਰ ਵਾਤਾਵਰਣ ਸੰਤੁਲਨ ਵਿਗੜ ਰਿਹਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਜਿਥੇ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਉਥੇ ਮਾਨਵ ਜਾਤੀ ਦੇ ਲਈ ਹੀ ਨਹੀਂ ਬਲਕਿ ਪਸ਼ੂ-ਪੰਛੀਆਂ ਦੇ ਲਈ ਅਤੇ ਵਨਸਪਤੀ ਦੇ ਲਈ ਖਤਰਾ ਪੈਦਾ ਹੋ ਰਿਹਾ ਹੈ। ਜਿਸ ਦੇ ਲਈ ਕਾਫੀ ਹੱਦ ਤੱਕ ਮਨੁੱਖ ਜ਼ਿੰਮੇਵਾਰ ਹੈ ਕਿਉਂਕਿ ਮਨੁੱਖ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਘੱਟ ਕੀਤੇ ਜਾ ਰਹੇ ਜੰਗਲਾਂ ਦੇ ਕਾਰਨ ਇਸ ਤਰ੍ਹਾਂ ਹੋ ਰਿਹਾ ਹੈ।
ਜਿਸ ਨਾਲ ਧਰਤੀ ਤੇ ਲੱਗੇ ਰੁੱਖਾ, ਫਸਲਾ, ਜੀਵ ਜੰਤੂਆ ਅਤੇ ਮਾਨਵ ਜਾਤੀ ਦਾ ਵੀ ਨੁਕਸਾਨ ਹੋ ਰਿਹਾ ਹੈ ਜੋ ਕਿ ਤਾਪਮਾਨ ਵੱਧਦਾ ਸਭ ਤੋਂ ਅਹਿਮ ਕਾਰਨ ਹੈ। ਉਹਨਾ ਕਿਹਾ ਕਿ ਧਰਤੀ ਤੇ ਵੱਧ ਪ੍ਰਦੂਸ਼ਣ ਵਾਲੀ ਵਸਤੂਆਂ ਜਿਵੇਂ ਪਲਾਸਟਿਕ ਅਤੇ ਹਜ਼ਾਰਾਂ ਸਾਲਾਂ ਤੱਕ ਨਾ ਗਲਣ ਅਤੇ ਸੜਨ ਵਾਲੇ ਪਦਾਰਥਾਂ ਤੇ ਘੱਟ ਨਿਰਭਰਤਾ ਹੋਣੀ ਚਾਹੀਦੀ ਹੈ ਤਾ ਕਿ ਇਸ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਪ੍ਰਭਾਵਿਤ ਹੋ ਰਹੇ ਜੀਵਨ ਚੱਕਰ ਨੂੰ ਬਚਾਇਆ ਜਾ ਸਕੇ।
ਉਹਨਾ ਕਿਹਾ ਕਿ ਸਾਨੂੰ ਆਂਵਲੇ ਅਤੇ ਫਲਾਂ ਦੇ ਪੌਦੇ ਲਗਾਉਣੇ ਚਾਹੀਦੇ ਹਨ ਜੋ ਕਿ ਸਾਨੂੰ ਜੀਵਨ ਅਤੇ ਫਲ ਪ੍ਰਦਾਨ ਕਰਦੇ ਹਨ। ਉਨਾਂ ਕਿਹਾ ਕਿ ਤੁਲਸੀ ਦਾ ਪੌਦਾ ਇੱਕ ਮਾਤਰ ਇਸ ਤਰ੍ਹਾਂ ਦਾ ਪੌਦਾ ਹੈ ਜਿਹੜਾ ਸਾਨੂੰ ਓਜੋਨ ਗੈਸ ਪ੍ਰਦਾਨ ਕਰਦਾ ਹੈ ਅਤੇ ਪਿੱਪਲ ਦਾ ਦਰੱਖਤ ਸਾਨੂੰ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਲਈ ਇਨ੍ਹਾਂ ਨੂੰ ਜੀਵਨ ਦਾਇਕ ਪੌਦੇ ਕਿਹਾ ਜਾਂਦਾ ਹੈ ।