ਸੈਨਿਕ ਸਕੂਲ ਕਪੂਰਥਲਾ ਵਿਖੇ ਦਾਖ਼ਲੇ ਲਈ 13 ਜਨਵਰੀ ਤੱਕ ਆਨਲਾਈਨ ਜਮ੍ਹਾ ਹੋਣਗੀਆਂ ਅਰਜ਼ੀਆਂ

ਨਵਾਂਸ਼ਹਿਰ, 3 ਜਨਵਰੀ : ਸੈਨਿਕ ਸਕੂਲ ਕਪੂਰਥਲਾ ਨੇ ਆਲ ਇੰਡੀਆ ਸੈਨਿਕ ਸਕੂਲਜ਼ ਪ੍ਰਵੇਸ਼ ਪ੍ਰੀਖਿਆ ਰਾਹੀਂ ਅਕਾਦਮਿਕ ਸੈਸ਼ਨ 2025-26 ਲਈ ਛੇਵੀਂ ਅਤੇ ਨੌਵੀਂ ਜਮਾਤ ਵਿਚ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ) ਵੱਲੋਂ ਕਰਵਾਈ ਜਾਂਦੀ ਇਹ ਦਾਖ਼ਲਾ ਪ੍ਰੀਖਿਆ ਛੇਵੀਂ ਅਤੇ ਨੌਵੀਂ ਜਮਾਤ ਦੇ ਲੜਕੇ-ਲੜਕੀਆਂ ਦੋਵਾਂ ਲਈ ਖੁੱਲ੍ਹੀ ਹੈ ਅਤੇ ਆਨਲਾਈਨ ਬਿਨੈ-ਪੱਤਰ ਫਾਰਮ ਜਮ੍ਹਾ ਕਰਨ ਦੀ ਆਖ਼ਰੀ ਮਿਤੀ 13 ਜਨਵਰੀ 2025 ਹੈ।
ਸੈਨਿਕ ਸਕੂਲ ਕਪੂਰਥਲਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਜਮਾਤ ਲਈ ਉਮੀਦਵਾਰਾਂ ਦੀ ਉਮਰ 10-12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਨੌਵੀਂ ਜਮਾਤ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 31 ਮਾਰਚ, 2025 ਤੱਕ 13-15 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।


ਵਿੱਤੀ ਸਹਾਇਤਾ ਸਬੰਧੀ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਆਮਦਨ ਅਧਾਰਿਤ ਵਜ਼ੀਫੇ ਦੀ ਵੀ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਤਿੰਨ ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਕੈਡਿਟ ਰਿਆਇਤ ਵਜੋਂ ਪੂਰੀ ਦੀ ਪੂਰੀ ਟਿਊਸ਼ਨ ਫੀਸ ਵਾਪਸ ਲੈਣ ਦੇ ਯੋਗ ਹਨ, ਜਦਕਿ 3,00,001 ਤੋਂ 5,00,000 ਦੇ ਵਿਚਕਾਰ ਕਮਾਉਣ ਵਾਲੇ ਪਰਿਵਾਰਾਂ ਦੇ ਕੈਡਿਟਾਂ ਨੂੰ 75 ਫੀਸਦ ਟਿਊਸ਼ਨ ਫੀਸ , 5,00,001 ਤੋਂ 7,50,000 ਤੱਕ ਦੀ ਆਮਦਨ ਵਾਲਿਆਂ ਨੂੰ 50 ਫੀਸਦ, 7,50,001 ਤੋਂ 10,00,000 ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਕੈਡਿਟਾਂ ਨੂੰ 25 ਫੀਸਦ ਟਿਊਸ਼ਨ ਫੀਸ ਰਿਆਇਤ ਵਜੋਂ ਵਾਪਸ ਕੀਤੀ ਜਾਂਦੀ ਹੈ। 10,00,000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ।

ਬੁਲਾਰੇ ਨੇ ਦੱਸਿਆ ਕਿ ਯੋਗ ਕੈਡਿਟਾਂ ਲਈ ਹੋਰ ਕਿਸਮ ਦੀ ਵਿੱਤੀ ਸਹਾਇਤਾ ਵੀ ਉਪਲੱਬਧ ਹੈ, ਜਿਸ ਵਿਚ ਰੈਂਕ ਦੇ ਆਧਾਰ ’ਤੇ ਰੱਖਿਆ ਕਰਮੀਆਂ ਦੇ ਬੱਚਿਆਂ ਲਈ ਰੱਖਿਆ ਮੰਤਰਾਲੇ ਵੱਲੋਂ ਵਜ਼ੀਫੇ, ਰੱਖਿਆ ਮੰਤਰਾਲੇ ਵੱਲੋਂ ਕੇਂਦਰੀ ਸਹਾਇਤਾ, ਦੋ ਸਾਲਾਂ ਲਈ ਐੱਨ.ਡੀ.ਏ ਪ੍ਰੋਤਸਾਹਨ ਅਤੇ ਬਿਹਾਰ ਦੀ ਨਾਗਰਿਕਤਾ ਵਾਲੇ ਕੈਡਿਟਾਂ ਲਈ ਬਿਹਾਰ ਸਰਕਾਰ ਦੇ ਵਜ਼ੀਫੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਉਮੀਦਵਾਰ ਵਧੇਰੇ ਜਾਣਕਾਰੀ ਲਈ ਸਕੂਲ ਦੀ ਅਧਿਕਾਰਤ ਵੈੱਬਸਾਈਟ ਜਾਂ ਐਨ.ਟੀ.ਏ ਦੀ ਵੈੱਬਸਾਈਟ ’ਤੇ ਜਾ ਸਕਦੇ ਹਨ।