ਨਗਰ ਨਿਗਮ ਹੁਸ਼ਿਆਰਪੁਰ ਕਰ ਰਿਹੈ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ : ਕਮਿਸ਼ਨਰ ਨਗਰ ਨਿਗਮ

ਹੁਸ਼ਿਆਰਪੁਰ, 9 ਅਪ੍ਰੈਲ ( ਹਰਪਾਲ ਲਾਡਾ ): ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਨਿਗਮ ਸ਼ਹਿਰਵਾਸੀਆਂ ਨੂੰ 100 ਫੀਸਦੀ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਜਨਤਾ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਨਗਰ ਨਿਗਮ ਦਫ਼ਤਰ ਵਿਖੇ ਵਿਸ਼ੇਸ਼ ’ਸ਼ਿਕਾਇਤ ਸੈੱਲ’ ਸਥਾਪਿਤ ਕੀਤਾ ਗਿਆ ਹੈ।
ਇਸ ਸੈਲ ਰਾਹੀਂ ਨਾਗਰਿਕ ਹੁਣ ਘਰ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਵਟਸਅਪ ਨੰਬਰ 94634-97791 ਅਤੇ ਲੈਂਡਲਾਈਨ ਨੰਬਰ 01882-2220322 ’ਤੇ ਦਰਜ ਕਰਵਾ ਸਕਦੇ ਹਨ। ਇਸ ਪ੍ਰਕਿਰਿਆ ਨੂੰ ਸਰਲ ਅਤੇ ਪ੍ਰਭਾਵੀ ਬਣਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਸਟਾਫ਼ ਦੀ ਤਾਇਨਾਤੀ ਵੀ ਕੀਤੀ ਗਈ ਹੈ।


ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ 11 ਜੁਲਾਈ 2024 ਤੋਂ ਹੁਣ ਤੱਕ ਕੁੱਲ 640 ਸ਼ਿਕਾਇਤਾਂ ਇਨ੍ਹਾਂ ਨੰਬਰਾਂ ਰਾਹੀਂ ਪ੍ਰਾਪਤ ਹੋਈਆਂ ਹਨ, ਜਿਸ ਵਿਚ 629 ਸ਼ਿਕਾਇਤਾਂ ਦਾ ਤੁਰੰਤ ਹੱਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਦਰਸਾਉਂਦੀ ਹੈ ਕਿ ਨਗਰ ਨਿਗਮ ਦੀ ਇਹ ਪਹਿਲ ਜਨਤਾ ਲਈ ਨਾ ਕੇਵਲ ਸੁਵਿਧਾਜਨਕ ਸਿੱਧ ਹੋ ਰਹੀ ਹੈ, ਬਲਕਿ ਸ਼ਿਕਾਇਤਾਂ ਦੇ ਹੱਲ ਵਿਚ ਵੀ ਕਿਸੇ ਪ੍ਰਕਾਰ ਦੀ ਦੇਰੀ ਨਹੀਂ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਪਹਿਲ ਤੋਂ ਆਮ ਜਨਤਾ ਨੂੰ ਨਗਰ ਨਿਗਮ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਪਈ ਅਤੇ ਘਰ ਬੈਠੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਮੇਂ ਆਪਣੀਆਂ ਬੁਨਿਆਦੀ ਸੁਵਿਧਾਵਾਂ ਨਾਲ ਸਬੰਧਤ ਸਮੱਸਿਆਵਾਂ ਇਨ੍ਹਾਂ ਨੰਬਰਾਂ ’ਤੇ ਦਰਜ ਕਰਵਾਉਣ, ਤਾਂ ਜੋ ਨਿਸ਼ਚਿਤ ਸਮੇਂ ਵਿਚ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ।