ਲੀਵਰ ਸਿਹਤਮੰਦ ਰੱਖਣਾ ਹੈ ਤਾਂ ਖਾਓ ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕਰੋ ਕਸਰਤ

ਨਵਾਂਸ਼ਹਿਰ, 19 ਅਪ੍ਰੈਲ ( ਹਰਪਾਲ ਲਾਡਾ ): ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਅਤੇ ਚੈਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦੀ ਅਗਵਾਈ ਵਿਚ ਜੇ. ਐਸ. ਐਫ਼ .ਐਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵਿਸ਼ਵ ਲੀਵਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਤਹਿਤ ਜੋ ਅੱਜ ਵਿਸ਼ਵ ਲੀਵਰ ਦਿਵਸ ਮਨਾਇਆ ਜਾ ਰਿਹਾ ਹੈ, ਇਸ ਦਾ ਥੀਮ ‘ਫੂਡ ਇਜ਼ ਮੈਡੀਸਿਨ’ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਅਸੀਂ ਆਪਣਾ ਲੀਵਰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਤੇ ਆਪਣੇ ਖਾਣੇ ਵਿੱਚ ਤੇਲ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਆਪਣਾਂ ਲਾਈਫ ਸਟਾਇਲ ਬਦਲਦਿਆਂ ਕਸਰਤ ਕਰਨੀ ਚਾਹੀਦੀ ਹੈ, ਜਿਸ ਨਾਲ ਮੋਟਾਪਾ ਵੀ ਘਟੇਗਾ ਤੇ ਅਸੀਂ ਸਿਹਤਮੰਦ ਰਹਾਂਗੇ।


ਇਸ ਦੇ ਨਾਲ ਹੀ ਉਨ੍ਹਾਂ ਨੇ ਰੋਜ਼ਾਨਾ ਸੰਤੁਲਿਤ ਭੋਜਨ ਵਿਚ ਫਲ, ਸਬਜ਼ੀਆਂ ਅਨਾਜ, ਪ੍ਰੋਟੀਨ ਯੁਕਤ ਭੋਜਨ ਖਾਣ ਸਬੰਧੀ ਸਿਹਤ ਸਿੱਖਿਆ ਦਿੱਤੀ।

ਉਨ੍ਹਾਂ ਕਿਹਾ ਕਿ ਗੈਰ-ਸੰਚਾਰੀ ਬਿਮਾਰੀਆਂ ਨਾਲ ਨਜਿੱਠਣ ਲਈ ਦੇਸ਼ ਵਿਆਪੀ ਸਕਰੀਨਿੰਗ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣਾ ਬਣਦਾ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਕਸਰਤ ਲਈ ਪ੍ਰੇਰਿਤ ਕਰਨ ਲਈ ਫੁੱਟਬਾਲ ਮੈਚ ਕਰਵਾਇਆ ਗਿਆ। ਇਹ ਮੈਚ ਪ੍ਰਧਾਨ ਅਜੇ ਮਹਿਰਾ ਤੇ ਵਿਕਰਮ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਅਜੇ ਮਹਿਰਾ ਦੀ ਟੀਮ ਨੇ 1-0 ਨਾਲ ਜਿੱਤਿਆ।