Hoshairpurਮਨੋਰੰਜਨ

ਨੇਚਰ ਫੈਸਟ ਦੇ ਦੂਜੇ ਦਿਨ ਖਰੀਦਦਾਰੀ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਦੇਖਣ ਨੂੰ ਮਿਲਿਆ ਜਲਵਾ

ਹੁਸ਼ਿਆਰਪੁਰ, 22 ਫਰਵਰੀ ( ਹਰਪਾਲ ਲਾਡਾ ): ਨੇਚਰ ਫੈਸਟ ਹੁਸ਼ਿਆਰਪੁਰ ਦੇ ਦੂਸਰੇ ਦਿਨ ਲਾਜਵੰਤੀ ਸਪੋਰਟਸ ਸਟੇਡੀਅਮ ਵਿਚ ਭਾਰੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਖੂਬ ਖਰੀਦਾਰੀ ਕੀਤੀ। ਇਸ ਦੌਰਾਨ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮਾਂ ਨੇ ਵੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਮੇਲੇ ਵਿਚ ਸਥਾਨਕ ਉਤਪਾਦਾਂ, ਹਸਤਸ਼ਿਲਪ, ਜੈਵਿਕ ਉਤਪਾਦਾਂ ਅਤੇ ਹੋਰ ਸਾਮਾਨ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਸਟਾਲਾਂ ’ਤੇ ਜਾ ਕੇ ਖਰੀਦਦਾਰੀ ਕੀਤੀ ਅਤੇ ਅਤੇ ਸਥਾਨਕ ਉਤਪਾਦਾਂ ਦੀ ਖੂਬ ਸ਼ਲਾਘਾ ਕੀਤੀ। ਖਾਣ-ਪੀਣ ਦੇ ਸਟਾਲਾਂ ’ਤੇ ਵੀ ਕਾਫ਼ੀ ਭੀੜ ਦੇਖੀ ਗਈ ਜਿਥੇ ਰਿਵਾਇਤੀ ਪਕਵਾਨਾਂ ਦਾ ਆਨੰਦ ਮਾਣਿਆ।

ਦੂਸਰੇ ਦਿਨ ਦੀ ਖਾਸਿਅਤ ਸਭਿਆਚਾਰਕ ਪ੍ਰੋਗਰਾਮ ਰਹੇ ਜਿਸ ਵਿਚ ਲੋਕ ਨਾਚ, ਗੀਤ ਪ੍ਰਤੀਯੋਗਤਾ ਅਤੇ ਰੰਗਾਰੰਗ ਪੇਸ਼ਕਾਰੀ ਸ਼ਾਮਲ ਸੀ। ਪੰਜਾਬੀ ਭੰਗੜਾ ਅਤੇ ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂੱਮਣ ਲਈ ਮਜ਼ਬੂਰ ਕਰ ਦਿੱਤਾ। ਸਥਾਨਕ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਦਿੱਤਾ ਜਿਸ ਵਿਚ ਦਰਸ਼ਕਾਂ ਦਾ ਉਤਸ਼ਾਹ ਬਹੁਤ ਵਧੇਰੇ ਸੀ।

ਸਕੂਲ ਸਿੱਖਿਆ ਵਿਭਾਗ ਵਲੋਂ ਮਿਸ਼ਨ ਦਾਖਲਾ ਦਾ ਸਟਾਲ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਗੁਣਵੱਤਾਪੂਰਨ ਸਿੱਖਿਆ ਅਤੇ ਸੁਵਿਧਾਵਾਂ ਬਾਰੇ ਦੱਸਿਆ ਜਾ ਰਿਹਾ ਸੀ। ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਵਿੰਗਸ ਪ੍ਰੋਜੈਕਟ ਦਾ ਸਟਾਲ ਵੀ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ।  ਇਸੇ ਤਰ੍ਹਾਂ ਸਿਟਰਸ  ਅਸਟੇਟ ਭੂੰਗਾ, ਫੈਪਰੋ, ਜ਼ਿਲ੍ਹੇ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕੀਤੇ ਜਾਂਦੇ ਆਰਗੈਨਿਕ ਖਾਦ ਪਦਾਰਥਾਂ ਦੇ ਸਟਾਲਾਂ ਦੇ ਨਾਲ-ਨਾਲ ਵੱਖ-ਵੱਖ ਸਥਾਨਾਂ ਤੋਂ ਆਏ ਕਾਰੀਗਰਾਂ ਨੇ ਆਪੋ-ਆਪਣੇ ਸਮਾਨ ਦੇ ਸਟਾਲ ਲਾਏ ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਦਾ ਉਦੇਸ਼ ਨਾ ਕੇਵਲ ਲੋਕਾਂ ਦਾ ਮਨੋਰੰਜਨ ਕਰਨਾ ਹੈ ਬਲਕਿ ਵਾਤਾਵਰਣ ਦੀ ਸੰਭਾਲ ਅਤੇ ਸਥਾਨਕ ਵਪਾਰ ਨੂੰ ਬੜ੍ਹਾਵਾ ਦੇਣ ਵੀ ਹੈ। ਉਨ੍ਹਾ ਦੱਸਿਆ ਕਿ ਨੇਚਰ ਫੈਸਟ ਹੁਸ਼ਿਆਰਪੁਰ ਰਾਹੀਂ ਕੁਦਰਤ ਦੀ ਗੋਦ ਵਿਚ ਵਸੇ ਹੁਸ਼ਿਆਰਪੁਰ ਵਿਚ ਸੈਰ ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਮੇਲੇ ਵਿਚ ਹਿੱਸਾ ਲੈਣ ਅਤੇ ਇਸ ਨੂੰ ਸਫ਼ਲ ਬਣਾਉਣ। ਉਨ੍ਹਾ ਦੱਸਿਆ ਕਿ ਨੇਚਰ ਫੈਸਟ ਦੌਰਾਨ ਲੋਕਾਂ ਲਈ ਖੁੱਲ੍ਹਾ ਦਾਖਲਾ ਹੈ ਅਤੇ ਸਟੇਡੀਅਮ ਵਿਚ ਵੱਖ-ਵੱਖ ਚੀਜਾਂ, ਕਲਾਕ੍ਰਿਤੀਆਂ ਅਤੇ ਸਾਮਾਨ ਦੀ ਪੇਸ਼ਕਾਰੀ ਕਰਦੇ ਹੋਏ 100 ਦੇ ਕਰੀਬ ਸਟਾਲ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਸਟੇਡੀਅਮ ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੂਕਾਨੇਟ ਤੋਂ ਦੇਹਰੀਆਂ ਤੱਕ ਆਫ-ਰੋਡਿੰਗ ਹੋਵੇਗੀ, ਰਿਟਰੀਟ, ਚੌਹਾਲ ਵਿਚ ਲੋਕ ਬੂਟਿੰਗ ਅਤੇ ਜੰਗਲ ਸਫ਼ਾਰੀ ਦਾ ਆਨੰਦ ਲੈਣਗੇ। ਵਣ ਚੇਤਨਾ ਪਾਰਕ ਵਿਚ ਕਿਡਸ ਕਾਰਨੀਵਾਲ ਹੋਵੇਗਾ। ਇਸੇ ਤਰ੍ਹਾਂ 25 ਫਰਵਰੀ ਦੀ ਸ਼ਾਮ ਨੂੰ ਗਾਇਕ ਕੰਵਰ ਗਰੇਵਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਇਸ ਉਪਰੰਤ ਨੇਚਰ ਫੈਸਟ ਦੀ ਸਮਾਪਤੀ ਹੋਵੇਗੀ। 

Related Articles

Leave a Reply

Your email address will not be published. Required fields are marked *

Back to top button

You cannot copy content of this page