ਜ਼ਿਲਾ ਸਿਹਤ ਅਫਸਰ ਅਤੇ ਫੂਡ ਸੇਫਟੀ ਟੀਮ ਵੱਲੋਂ ਕਸਬਾ ਮਾਹਿਲਪੁਰ ਦੇ ਵੱਖ ਵੱਖ ਸਥਾਨਾਂ ਤੋਂ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ

ਹੁਸ਼ਿਆਰਪੁਰ 22 ਜਨਵਰੀ 2025 ( ਹਰਪਾਲ ਲਾਡਾ ): ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਸ੍ਰੀ ਅਭਿਨਵ ਖੋਸਲਾ ਅਤੇ ਟੀਮ ਮੈਂਬਰ ਸ੍ਰੀ ਰਾਮ ਲੁਭਾਇਆ ਵੱਲੋ ਕਸਬਾ ਮਾਹਿਲਪੁਰ ਦੇ ਵੱਖ ਵੱਖ ਸਥਾਨਾਂ ਤੇ ਖਾਧ ਪਦਾਰਥਾਂ ਦੀ ਚੈਕਿੰਗ ਕੀਤੀ ਗਈ ਤੇ ਸੈਂਪਲ ਭਰੇ ਗਏ।


ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋਂ ਮਾਹਿਲਪੁਰ ਦੇ ਇਲਾਕੇ ਵਿਚ ਬੇਕਰੀ ਦੀ ਦੁਕਾਨ, ਰੈਸਟੋਰੈਂਟ, ਕਰਿਆਨਾ ਸਟੋਰ ਅਤੇ ਕੇਕ ਫੈਕਟਰੀ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਿਆਦ ਪੁੱਗ ਚੁੱਕੇ ਖਾਧ ਪਦਾਰਥ ਜਿਵੇਂ ਫੰਗਸ ਲੱਗੀ ਸੈਂਡਵਿਚ ਬਰੈੱਡ, ਜੂਸ, ਪਿੰਨੀਆ, ਨਾਰੀਅਲ ਪਾਣੀ, ਚਟਣੀਆਂ ਮੌਕੇ ਤੇ ਨਸ਼ਟ ਕਰ ਦਿੱਤੇ ਗਏ।

ਪੈਕ ਕੀਤੇ 4 ਸੈਂਪਲ ਪੀਣ ਵਾਲੇ ਪਾਣੀ ਦੇ, 1 ਖਾਣ ਵਾਲੇ ਤੇਲ ਅਤੇ 5 ਸੈਂਪਲ ਕੇਕ, ਬਿਸਕੁਟ, ਸਾਸ, ਕਰੀਮ ਰੋਲ, ਸਟਿਕ ਕੁਲਫੀ ਦੇ ਲਏ ਗਏ। ਜਿਹਨਾਂ ਨੂੰ ਚੈਕਿੰਗ ਲਈ ਫੂਡ ਲੈਬ ਖਰੜ ਵਿਖੇ ਭੇਜ ਦਿੱਤਾ ਗਿਆ ਹੈ। ਨਤੀਜੇ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਵਿਕਰੇਤਾਵਾਂ ਨੂੰ ਸਾਫ ਸਫ਼ਾਈ ਨਾ ਰੱਖਣ ਲਈ ਚਾਲਾਨ ਕੀਤੇ ਗਏ ਅਤੇ ਇਸਦੇ ਨਾਲ ਹੀ ਸੁਧਾਰ ਨੋਟਿਸ ਜਾਰੀ ਕੀਤੇ ਗਏ।
ਡਾ ਜਤਿੰਦਰ ਭਾਟੀਆ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੁਕਾਨਦਾਰਾਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਦੁਕਾਨ ਤੇ ਕੋਈ ਵੀ ਐਕਸਪਾਇਰੀ ਖਾਧ ਪਦਾਰਥ ਨਹੀਂ ਹੋਣਾ ਚਾਹੀਦਾ। ਅਜਿਹਾ ਹੋਣ ਦੀ ਸੂਰਤ ਵਿਚ ਫੂਡ ਸੇਫਟੀ ਸਟੈਡਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।