ਖੂਨਦਾਨ ਮਹਾਂਦਾਨ-ਸਾਡਾ ਸੰਵਿਧਾਨ ਸਾਡਾ ਸਵੈ-ਮਾਣ : ਰਾਹੁਲ ਚਾਬਾ
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰ ਸਿੰਘ) : ਦਿ ਹੁਸ਼ਿਆਰਪੁਰ ਹਾਈਕਰਜ਼ ਐਂਡ ਟ੍ਰੈਕਟਰਜ਼ ਗਰੁੱਪ ਦੇ ਪ੍ਰਬੰਧਕਾਂ ਵਲੋਂ ਸਥਾਨਕ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਰੀਹਲ ਮਾਰਕੀਟ ਤੇ ਧਾਮੀ ਮੈਡੀਕੋਜ਼ ਦੇ ਸਹਿਯੋਗ ਨਾਲ ਮੇਜਰ ਚੰਨਣ ਸਿੰਘ ਰੀਹਲ (ਸੇਵਾ ਮੁਕਤ) ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ।ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਕੀਤਾ ਜਿਸ ਵਿਚ ਕੌਂਸਲਰ ਨਵਾਬ ਪਹਿਲਵਾਨ ਅਤੇ ਇਲਾਕੇ ਦੇ ਪਤਵੰਤੇ ਸ਼ਾਮਲ ਹੋਏ।
ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ’ਭਾਰਤੀ ਸੰਵਿਧਾਨ ਦਿਵਸ’ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਵਿਧਾਨ ਸਾਡੇ ਲੋਕਤੰਤਰ ਦੀ ਮਜ਼ਬੂਤੀ ਦਾ ਪ੍ਰਤੀਕ ਹੈ ਅਤੇ ਸੰਵਿਧਾਨ ਨੇ ਭਾਰਤ ਦੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਦੇ ਕੇ ਨਿਆਂ, ਸੁਤੰਤਰਤਾ, ਬਰਾਬਰੀ ਦੇ ਮੌਕੇ ਪ੍ਰਦਾਨ ਕੀਤੇ ਹਨ। ਸਾਡੇ ਦੇਸ਼ ਦਾ ਸੰਵਿਧਾਨ ਦੁਨੀਆਂ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਦਾ ਚਾਨਣ ਮੁਨਾਰਾ ਹੈ।ਰਾਹੁਲ ਚਾਬਾ ਨੇ ਕਿਹਾ ਕਿ ਮਨੁੱਖੀ ਜੀਵਨ ਵਿਚ ਖੂਨਦਾਨ ਦੀ ਵੱਡੀ ਮਹੱਤਤਾ ਹੈ। ਖੂਨਦਾਨ ਮਾਨਵਤਾ ਦੀ ਉਤਮ ਸੇਵਾ ਅਤੇ ਸੁਰੱਖਿਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਵਿਚ ਵੱਧ ਤੋਂ ਵੱਧ ਹਿੱਸਾ ਪਾ ਕੇ ਮਨੁੱਖੀ ਜੀਵਨ ਨੂੰ ਜ਼ਿੰਦਗੀ ਪ੍ਰਦਾਨ ਕੀਤੀ ਜਾਵੇ। ਇਸ ਖੂਨਦਾਨ ਕੈਂਪ ਦੀ ਸਫ਼ਲਤਾ ਅਤੇ ਆਯੋਜਨ ਵਿਚ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਵਲੋਂ ਪ੍ਰਮੁੱਖ ਯੋਗਦਾਨ ਪਾਇਆ ਗਿਆ। ਇਸ ਮੌਕੇ ਕਰੀਬ 50 ਤੋਂ ਵੱਧ ਬਲੱਡ ਯੂਨਿਟ ਇਕੱਤਰ ਕੀਤੇ ਗਏ।ਇਸ ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਗੁਲਜਾਰ ਸਿੰਘ ਕਾਲਕਟ ਨੇ ਖੂਨਦਾਨ ਕੈਂਪ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਸਮੇਤ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸਮਾਗਮ ਦੌਰਾਨ ਡਾ. ਹਰਜਿੰਦਰ ਸਿੰਘ, ਨਰਿੰਦਰ ਸਿੰਘ ਰੀਹਲ, ਕਰਨਵੀਰ ਰੀਹਲ, ਸੰਜੀਵ, ਵਿਕਾਸ ਬੱਗਾ, ਡਾ.ਵਿਕਾਸ ਮਲਹੋਤਰਾ, ਸੁਖਵਿੰਦਰ ਸੁੱਖੀ, ਅਮਿਤ ਗੁਪਤਾ, ਡਾ. ਕੇ.ਐਸ. ਬੈਂਸ, ਬਲਜੀਤ ਸਿੰਘ, ਡਾ. ਅਮਨਦੀਪ, ਸੰਦੀਪ ਕੁਮਾਰ, ਵਿਸ਼ਾਲ ਗੰਭੀਰ, ਨਵਲ ਗੁਪਤਾ ਆਦਿ ਵੀ ਮੌਜੂਦ ਸਨ।