ਖਰਚਾ ਅਬਜ਼ਰਵਰ ਨੇ ਚੱਬੇਵਾਲ ਜ਼ਿਮਨੀ ਚੋਣ ਸਬੰਧੀ ਵੱਖ-ਵੱਖ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 25 ਅਕਤੂਬਰ : ਭਾਰਤ ਚੋਣ ਕਮਿਸ਼ਨ ਵਲੋਂ ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਸਬੰਧੀ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰ ਸੋਰੇਨ ਜੋਸ ਨੇ ਅੱਜ ਜ਼ਿਮਨੀ ਚੋਣ ਸਬੰਧੀ ਵੱਖ-ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਨ ਅਤੇ ਸਾਰੇ ਨਿਰਧਾਰਤ ਖਰਚਾ ਨਿਗਰਾਨੀ ਰੱਖਣ ਲਈ ਵੱਖ-ਵੱਖ ਟੀਮਾਂ ਦੇ ਕੰਮਾਂ ’ਤੇ ਚਰਚਾ ਕੀਤੀ ਗਈ।
ਖਰਚਾ ਅਬਜ਼ਰਵਰ ਨੇ ਐਫ.ਐਸ.ਟੀ. (ਫਲਾਇੰਗ ਸਕੁਐਡ ਟੀਮ), ਐਸ.ਐਸ.ਟੀ (ਸਟੈਟਿਕ ਸਰਵੀਲੈਂਸ ਟੀਮ), ਵੀਡੀਓ ਸਰਵੀਲੈਂਸ ਟੀਮਾਂ, ਐਮ.ਸੀ.ਐਮ.ਸੀ. ਸੈਲ, ਵੀਡੀਓ ਸਕੁਐਡ ਟੀਮਾਂ, ਲੇਖਾ ਟੀਮਾਂ, ਜ਼ਿਲ੍ਹਾ ਖਰਚਾ ਨਿਗਰਾਨੀ ਸੈਲ, ਪਰਮਿਸ਼ਨ ਸੈਲ ਅਤੇ ਸ਼ਿਕਾਇਤ ਸੈਲ ਦੇ ਨੋਡਲ ਅਫਸ਼ਰਾਂ ਨੂੰ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮਾਹੌਲ ਜੇਕਰ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਯੋਗ ਕਾਰਵਾਈ ਕੀਤੀ ਜਾਵੇ। ਇਸ ਦੇ ਲਈ ਐਫ.ਐਸ.ਟੀ ਅਤੇ ਐਸ.ਐਸ.ਟੀ ਈਮਾਂ ਨੂੰ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਖਰਚਾ ਅਬਜ਼ਰਵਰ ਨੇ ਕਿਹਾ ਕਿ ਇਨ੍ਹਾਂ ਟੀਮਾਂ ਦਾ ਮੁੱਖ ਉਦੇਸ਼ ਚੋਣ ਖਰਚਿਆਂ ’ਤੇ ਸਖਤ ਨਿਗਰਾਨੀ ਰੱਖਣਾ ਅਤੇ ਕਿਸੇ ਵੀ ਬੇਨਿਯਮੀਆ ਨੂੰ ਤੁਰੰਤ ਰਿਪੋਰਟ ਕਰਨਾ ਹੈ। ਖਰਚਾ ਅਬਜ਼ਰਵਰ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਚੋਣ ਪ੍ਰਕਿਰਿਆ ਅਤੇ ਖਰਚਿਆ ਸਬੰਧੀ ਨਿਯਮਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਉਣ।
ਉਨ੍ਹਾਂ ਪਰਮਿਸ਼ਨ ਸੈਲ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਉਹ ਕਿਸੇ ਰਾਜਨੀਤਿਕ ਪਾਰਟੀ ਨੂੰ ਰੈਲੀ ਜਾਂ ਸਭਾ ਦੀ ਆਗਿਆ ਦਿੰਦੇ ਹਨ, ਤਾਂ ਉਸ ਦੀ ਸੂਚਨਾ ਸਬੰਧਤ ਵੀ.ਐਸ.ਟੀ. (ਵੀਡੀਓ ਸਰਵੀਲੈਂਸ ਟੀਮ) ਅਤੇ ਐਸ.ਐਸ.ਟੀ ਟੀਮਾਂ ਨੂੰ ਜ਼ਰੂਰ ਦੇਣ ਤਾਂ ਜੋ ਰੈਲੀ ਜਾਂ ਸਭਾ ਦੀਆਂ ਸਾਰੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਦਮ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਜ਼ਰੂਰੀ ਹੈ।
ਮੀਟਿੰਗ ਵਿਚ ਮੌਜੂਦ ਨੋਡਲ ਅਫ਼ਸਰਾਂ ਨੇ ਆਪਣੀਆਂ ਸਬੰਧਤ ਤਿਆਰੀਆ ਬਾਰੇ ਵੀ ਖਰਚਾ ਅਬਜ਼ਰਵਰ ਨੂੰ ਜਾਣੂ ਕਰਵਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਨੋਡਲ ਅਫ਼ਸਰ ਜ਼ਿਲ੍ਹਾ ਐਕਸਪੈਂਡੀਚਰ ਮੋਨੀਟਰਿੰਗ ਸੈਲ ਨਿਕਾਸ ਕੁਮਾਰ, ਐਸ.ਪੀ. ਮਨੋਜ ਕੁਮਾਰ ਠਾਕੁਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਿਰਨਦੀਪ ਕੌਰ ਤੋਂ ਇਲਾਵਾ ਸੰਬੰਧਤ ਅਧਿਕਾਰੀ ਮੌਜੂਦ ਸਨ ।