Hoshairpur

ਤੰਬਾਕੂ ਦੇ ਸੇਵਨ ਦੀ ਮਹਾਂਮਾਰੀ ਨੂੰ ਘੱਟ ਕਰਨ ਲਈ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ: ਡਾ. ਜਗਦੀਪ ਸਿੰਘ

ਹੁਸ਼ਿਆਰਪੁਰ 4 ਜੂਨ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਵਿਸ਼ਵ ਤੰਬਾਕੂ ਰਹਿਤ ਦਿਵਸ” ਨੂੰ ਸਮਰਪਿਤ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਏਐਨਐਮ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਜ਼ਿਲਾ ਐਪੀਡਿਮੋਲੇਜਿਸਟ ਡਾ ਜਗਦੀਪ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਇਸ ਸਮਾਰੋਹ ਵਿੱਚ ਜਿਲਾ ਡੈਂਟਲ ਸਿਹਤ ਅਫਸਰ ਡਾ ਸ਼ੈਲਾ ਕੰਵਰ, ਡੈਂਟਲ ਸਰਜਨ ਡਾ ਬਲਜੀਤ ਕਟਾਰੀਆ, ਡੈਂਟਲ ਸਰਜਨ ਡਾ.ਨਵਨੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜ਼ਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਏਐਨਐਮ ਟ੍ਰੇਨਿੰਗ ਸਕੂਲ ਦੇ ਟਿਊਟਰ ਮੈਡਮ ਅਮਰਪ੍ਰੀਤ ਕੌਰ,  ਮੈਡਮ ਰਿਤੂ, ਗੁਰ ਰਾਮਦਾਸ ਨਰਸਿੰਗ ਕਾਲਜ ਤੋਂ ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਅੰਜਲੀ ਉਪਸਥਿਤ ਹੋਏ। ਇਸ ਦੌਰਾਨ ਵਿਦਿਆਰਥਣਾਂ ਨਾਲ ਤੰਬਾਕੂ ਦੇ ਦੁਰਪ੍ਰਭਾਵਾਂ, ਬਚਾਅ, ਇਲਾਜ ਅਤੇ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ.ਜਗਦੀਪ ਸਿੰਘ ਨੇ ਕਿਹਾ ਕਿ ਤੰਬਾਕੂ ਇੱਕ ਜਾਨਲੇਵਾ ਪਦਾਰਥ ਹੈ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਰੋਕੀਆਂ ਜਾਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਵੱਡਾ ਕਾਰਣ ਤੰਬਾਕੂ ਦਾ ਸੇਵਨ ਹੈ।  ਇਸ ਲਈ ਉਹਨਾਂ ਦਾ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਤੰਬਾਕੂ ਦੇ ਸੇਵਨ ਦੀ ਮਹਾਂਮਾਰੀ ਨੂੰ ਘੱਟ ਕਰਕੇ ਲੋਕਾਂ ਦੀ ਸਿਹਤ ਨੂੰ ਬਚਾਉਣ ਲਈ ਸਰਕਾਰ ਵੱਲੋਂ ਸਾਲ 2003 ਵਿੱਚ ਪਾਸ ਕੀਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਕੋਟਪਾ ਐਕਟ) ਬਾਰੇ ਦੱਸਿਆ। ਜਿਸ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰਬਾਜੀ ਤੇ ਰੋਕ ਹੈ। ਇਸ ਦੀ ਉਲਘਣਾ ਕਰਨਾ ਕਾਨੂੰਨ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।

ਡਾ. ਬਲਜੀਤ ਸਿੰਘ ਨੇ ਵਿਸ਼ੇ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਕਾਰਨ ਹੈ। ਉਹਨਾਂ ਕਿਹਾ ਮੂੰਹ ਦੇ ਕੈਂਸਰ ਦੇ ਕਾਰਣਾਂ ਵਿੱਚੋਂ ਇੱਕ ਵੱਡਾ ਕਾਰਣ ਵੀ ਤੰਬਾਕੂ ਉਤਪਾਦਾਂ ਦੀ ਵਰਤੋਂ ਹੀ ਹੈ। ਸਿਗਰਟਨੋਸ਼ੀ ਦਾ ਪ੍ਰਭਾਵ ਸਿਗਰੇਟਨੋਸ਼ੀ ਨਾ ਕਰਨ ਵਾਲਿਆ ਦੀ ਸਿਹਤ ਤੇ ਵੀ ਪੈਂਦਾ ਹੈ। ਇਸ ਲਈ ਇਹਨਾਂ ਪਦਾਰਥਾਂ ਨੂੰ ਨਾਂਹ ਕਹਿੰਦੇ ਹੋਏ ਤੰਦਰੁਸਤ ਆਦਤਾਂ ਅਪਣਾਉਂਣੀਆਂ ਜਰੂਰੀ ਹਨ।

ਡਾ ਨਵਨੀਤ ਕੌਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਸਦੇ ਹਾਨੀਕਾਰਕ ਪ੍ਰਭਾਵਾਂ ਦੇ ਬਾਰੇ ਵਿੱਚ ਪਤਾ ਵੀ ਨਹੀਂ ਹੁੰਦਾ ਕਿ ਇਸ ਨਾਲ ਸਾਡੇ ਸਰੀਰ ਨੂੰ ਅਤੇ ਇਸਦੇ ਧੂੰਏ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਕਿੰਨਾ ਨੁਕਸਾਨ ਹੁੰਦਾ ਹੈ। ਤੰਬਾਕੂ ਖਾਣ ਵਾਲੇ ਵਿਅਕਤੀ ਤੰਬਾਕੂ ਨਾ ਖਾਣ ਵਾਲੇ ਵਿਅਕਤੀ ਤੋਂ 10 ਸਾਲ ਪਹਿਲਾਂ ਮਰ ਜਾਂਦੇ ਹਨ। ਜੋ ਔਰਤਾਂ ਸਿਗਰਟਨੋਸ਼ੀ ਜਾਂ ਤੰਬਾਕੂਨੋਸ਼ੀ ਕਰਦੀਆਂ ਹਨ ਉਨ੍ਹਾਂ ਦੀ ਫਰਟਿਲਿਟੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਗਰਭਵਤੀ ਔਰਤਾਂ ਜੇਕਰ ਅਜਿਹਾ ਕਰਦੀਆਂ ਹਨ ਤਾਂ ਉਹਨਾਂ ਦੇ ਹੋਣ ਵਾਲੇ ਬੱਚੇ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।

ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਇਸ ਸਾਲ ਦੇ ਥੀਮ “ਬੱਚਿਆਂ ਨੂੰ ਤੰਬਾਕੂ ਉਦਯੋਗ ਦੇ ਦਖਲ ਤੋਂ ਬਚਾਉਣਾ” ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਉਹ ਕੋਟਪਾ ਐਕਟ ਨੂੰ ਹੀ ਲਾਗੂ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਵੀ ਇਸ ਥੀਮ ਦੇ ਮੰਤਵ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਜੋ ਸਾਰੀ ਜਾਣਕਾਰੀ ਅੱਜ ਉਨ੍ਹਾਂ ਨਾਲ ਸਾਂਝੀ ਕੀਤੀ ਗਈ ਹੈ ਉਹ ਜਾਣਕਾਰੀ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜਰੂਰ ਸਾਂਝੀਆਂ ਕਰਨ ਦਾ ਵਾਅਦਾ ਕਰਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। 

ਦਿਵਸ ਮੌਕੇ ਸਰਕਾਰੀ ਏਐਨਐਮ ਟ੍ਰੇਨਿੰਗ ਸਕੂਲ ਅਤੇ ਗੁਰ ਰਾਮਦਾਸ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਤੰਬਾਕੂ ਦੇ ਦੁਰਪ੍ਰਭਾਵਾਂ ਨੂੰ ਦਰਸਾਉਂਦੇ ਪੋਸਟਰ ਵੀ ਬਣਾਏ ਗਏ ਅਤੇ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸ਼ਲਾਘਾ ਵੱਜੋਂ ਇਨਾਮ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ। ਵਿਦਿਆਰਥੀਆਂ ਲਈ ਇੱਕ ਚੰਗੇ ਅਤੇ ਉਜਵਲ ਭਵਿਖ ਦੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਸਵਸਥ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page