ਮੋਦੀ ਦੀ ਹੁਸ਼ਿਆਰਪੁਰ ਰੈਲੀ ਮਹਾਂ ਫਲਾਪ ਸ਼ੋਅ ਸਾਬਿਤ ਹੋਇਆ : ਠੰਡਲ
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਰੈਲੀ ਮਹਾਂ ਫਲਾਪ ਸ਼ੋਅ ਸਾਬਿਤ ਹੋਇਆ ਹੈ | ਮੋਦੀ ਵੀ ਕੇਜਰੀਵਾਲ ਅਤੇ ਭਗਵੰਤ ਮਾਨ ਵਾਂਗ ਖਾਲੀ ਹੱਥ ਆਏ ਤੇ ਖਾਲੀ ਹੱਥ ਹੀ ਚਲੇ ਗਏ | ਇਹ ਵਿਚਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੇ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ |
ਉਹਨਾਂ ਨਾਲ ਇਸ ਮੌਕੇ ਤੇ ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਕੌਮੀ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ,ਤੇ ਰਣਧੀਰ, ਜਗਤਾਰ ਸਿੰਘ ਪ੍ਰਧਾਨ ਸਰਕਲ ਮਹਿਲਾਂ ਵਾਲੀ ਵੀ ਹਾਜ਼ਿਰ ਸਨ | ਸੋਹਣ ਸਿੰਘ ਠੰਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਹੁਸ਼ਿਆਰਪੁਰ ਤੋਂ ਪਹਿਲਾਂ ਰਹਿ ਚੁੱਕੇ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਪਿਛੜੇਪਣ ਨੂੰ ਖ਼ਤਮ ਤਾਂ ਕੀ ਕਰਨਾ ਸਗੋਂ ਇਸ ਨੂੰ ਕਈ ਗੁਣਾ ਹੋਰ ਵੀ ਵਧਾ ਦਿੱਤਾ ਅੱਜ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਲੋਕਾਂ ਕੋਲ ਜੀਵਣ ਦੀਆਂ ਮੁੱਢਲੀਆਂ ਸਹੂਲਤਾਂ ਰੋਜ਼ਗਾਰ ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਦੀ ਵੱਡੀ ਘਾਟ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਪਿਛੜੇਪਨ ਨੂੰ ਦੂਰ ਕਰਨ ਲਈ ਕ਼ੋਈ ਐਲਾਨ ਕਰਨ ਦੀ ਬਜਾਏ ਕੇਵਲ ਲਿਫਾਫੇਬਾਜ਼ੀਆਂ ਕਰਕੇ ਹੀ ਚਲੇ ਗਏ |
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦਾ ਹੁਸ਼ਿਆਰਪੁਰ ਭਾਜਪਾ ਉਮੀਦਵਾਰ ਨੂੰ ਫਾਇਦਾ ਹੋਣ ਦੀ ਬਜਾਏ ਸਗੋਂ ਉਲਟਾ ਹੋਰ ਨੁਕਸਾਨ ਹੋ ਗਿਆ | ਹੁਸ਼ਿਆਰਪੁਰ ਦੇ ਸੂਝਵਾਨ ਲੋਕਾਂ ਨੂੰ ਹੁਣ ਲਾਰਿਆਂ ਦੇ ਨਾਲ ਨਹੀਂ ਭਰਮਾਇਆ ਜਾ ਸਕਦਾ ਇਸ ਲਈ ਡੂੰਘੀ ਵਿਉਂਤਬੰਦੀ ਦੀ ਜਰੂਰਤ ਹੈ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਤਿਆਰ ਕਰ ਲਈ ਗਈ ਹੈ | ਉਹਨਾਂ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਪਰ ਭਰੋਸਾ ਕਰਨ ਦੀ ਅਪੀਲ ਕੀਤੀ |