ਕੌਮੀ ਲੋਕ ਅਦਾਲਤ ਵਿਚ 11381 ਕੇਸਾਂ ਦਾ ਹੋਇਆ ਮੌਕੇ ‘ਤੇ ਨਿਪਟਾਰਾ
ਹੁਸ਼ਿਆਰਪੁਰ, 11 ਮਈ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਸੈਕਸ਼ਨ 138 ਤਹਿਤ ਐਨ.ਆਈ ਐਕਟ ਦੇ ਕੇਸ, ਪੈਂਡਿੰਗ ਅਤੇ ਪ੍ਰੀ ਲਿਟੀਗੇਸ਼ਨ ਬੈਂਕ ਰਿਕਵਰੀ ਅਤੇ ਲੇਬਰ ਡਿਸਪਿਊਟ ਕੇਸ,ਐਮ. ਏ. ਸੀ. ਟੀ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲ (ਨਾਨ-ਕੰਪਾਊਂਡੇਬਲ ਤੋਂ ਇਲਾਵਾ), ਟ੍ਰੈਫ਼ਿਕ ਚਲਾਨ, ਰੈਵੀਨਿਊ ਕੇਸ ਅਤੇ ਹੋਰ ਸਿਵਲ, ਘੱਟ ਗੰਭੀਰ ਫੌਜਦਾਰੀ ਕੇਸ ਅਤੇ ਅਤੇ ਘਰੇਲੂ ਝਗੜੇ ਆਦਿ ਦੇ ਕੇਸ ਰੱਖੇ ਗਏ।
ਇਹ ਲੋਕ ਅਦਾਲਤ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਹੇਠਾਂ ਲਗਾਈ ਗਈ ਹੈ। ਇਸ ਲੋਕ ਅਦਾਲਤ ਵਿਚ ਹੁਸ਼ਿਆਰਪੁਰ ਵਿਖੇ ਕੁਲ਼ 28 ਬੈਂਚ ਬਣਾਏ ਗਏ, ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਜੂਡੀਸ਼ੀਅਲ ਕੋਰਟਾਂ ਦੇ 10 ਬੈਂਚ, ਸਬ ਡਵੀਜ਼ਨ ਦਸੂਹਾ ਵਿਖੇ 5 ਬੈਂਚ, ਮੁਕੇਰੀਆਂ ਵਿਖੇ 3 ਅਤੇ ਗੜ੍ਹਸ਼ੰਕਰ ਵਿਖੇ 2 ਬੈਂਚ ਅਤੇ ਰੈਵਨਿਉ ਕੋਰਟਾਂ ਦੇ 8 ਬੈਂਚਾਂ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੀ ਲੋਕ ਅਦਾਲਤ ਵਿਚ 13591 ਕੇਸਾਂ ਦੀ ਸੁਣਵਾਈ ਹੋਈ ਅਤੇ 11381 ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਗਿਆ ਅਤੇ ਕੁੱਲ 87673569 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਕੌਮੀ ਲੋਕ ਅਦਾਲਤ ਦੌਰਾਨ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਮੁਕੇਰੀਆਂ ਨੀਰਜ ਗੋਇਲ ਦੇ ਬੈਂਚ ਦੀਆਂ ਕੋਸ਼ਿਸ਼ਾਂ ਅਤੇ ਯਤਨਾਂ ਸਦਕਾ ਪਿਛਲੇ ਸਾਲ ਤੋਂ ਚੱਲਿਆ ਆ ਰਿਹਾ ਸਿਵਲ ਕੇਸ, ਕਾਂਤਾ ਮਿਨਹਾਸ ਬਨਾਮ ਵਿਸ਼ਾਲੀ ਦੇਵੀ ਦੇ ਫੈਮਿਲੀ ਕੇਸ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸੇ ਹੀ ਅਦਾਲਤ ਵਿਚ ਜੂਨ 2020 ਤੋਂ ਚੱਲ ਰਿਹਾ ਕੇਸ ਕਰਨੈਲ ਸਿੰਘ ਬਨਾਮ ਬਲਬੀਰ ਸਿੰਘ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ।
ਇਸ ਕੌਮੀ ਲੋਕ ਅਦਾਲਤ ਮੌਕੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਵੱਲੋਂ ਟ੍ਰੈਫਿਕ ਚਲਾਨ ਭੁਗਤਣ ਆਏ ਹੋਏ ਵਿਅਕਤੀਆਂ ਲਈ ਸਪੈਸ਼ਲ ਹੈਲਪ ਡੈਸਕ ਲਗਾਏ ਗਏ ਤਾਂ ਜੋ ਅਦਾਲਤਾਂ ਵਿਚ ਲੱਗੇ ਹੋਏ ਟ੍ਰੈਫਿਕ ਚਲਾਨ ਆਸਾਨੀ ਨਾਲ ਭੁਗਤਾਏ ਜਾ ਸਕਣ।
ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਨਾਲ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰੁਪਰ ਰਾਜ ਪਾਲ ਰਾਵਲ ਤੋਂ ਇਲਾਵਾ ਬਾਰ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਵਾਈਸ ਪ੍ਰੈਜੀਡੈਂਟ ਮਿਸ ਰਜਨੀ ਨੰਦਾ ਨੇ ਵੀ ਸਾਰੇ ਲੋਕ ਅਦਾਲਤ ਬੈਂਚਾਂ ਦਾ ਦੌਰਾ ਕੀਤਾ। ਇਸ ਲੋਕ ਅਦਾਲਤ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਮਿਸ ਰਜਨੀ ਨੰਦਾ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਅਦਾਲਤਾਂ ਵਿੱਚ ਕੇਸ ਲਗਾ ਕੇ ਵੱਧ ਤੋਂ ਵੱਧ ਲਾਭ ਲੈਣ ਕਿਉਂਕਿ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵਿੱਚ ਹੋਏ ਫ਼ੈਸਲੇ ਅੰਤਿਮ ਹੁੰਦੇ ਹਨ ਅਤੇ ਲੋਕ ਅਦਾਲਤ ਵਿਚ ਹੋਏ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਧਿਰਾਂ ਵਿਚਾਲੇ ਪਿਆਰ ਵੱਧਦਾ ਹੈ।