ਰੈੱਡ ਕਰਾਸ ਸੁਸਾਇਟੀ ਵੱਲੋਂ ਨੇਤਰਹੀਣ ਬੱਚਿਆਂ ਨੂੰ ਸਵੈ ਰੋਜ਼ਗਾਰ ਦੇਣ ਦੀ ਬਿਹਤਰੀਨ ਪਹਿਲ
ਹੁਸ਼ਿਆਰਪੁਰ, 27 ਅਪ੍ਰੈਲ : ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਮੋਹਰੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ, ਜਿਸ ਨਾਲ ਲੋੜਵੰਦਾਂ ਨੂੰ ਨਵੀਂ ਦਿਸ਼ਾ ਮਿਲੀ ਹੈ। ਇਸ ਲੜੀ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਵਿਚ ਰੈੱਡ ਕਰਾਸ ਸੁਸਾਇਟੀ ਨੇ ਲੁਧਿਆਣਾ ਬੇਵਰੇਜ਼ਸ ਪ੍ਰਾਈਵੇਟ ਲਿਮਟਿਡ ਹੁਸ਼ਿਆਰਪੁਰ ਦੇ ਸਹਿਯੋਗ ਨਾਲ 108 ਸੰਤ ਨਰਾਇਣ ਦਾਸ ਜੀ ਨੇਤਰਹੀਣ ਸਕੂਲ ਬਾਹੋਵਾਲ (ਮਾਹਿਲਪੁਰ) ਵਿਚ ਡਿਸਪੋਜ਼ੇਬਲ ਆਈਟਮਸ ਬਣਾਉਣ ਲਈ 2 ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਹਨ, ਤਾਂ ਜੋ ਨੇਤਰਹੀਣ ਬੱਚੇ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋ ਸਕਣ। ਇਸ ਪ੍ਰੋਜੈਕਟ ਦਾ ਉਦਘਾਟਨ ਸਹਾਇਕ ਕਮਿਸ਼ਨਰ ਦਿਵਿਆ ਪੀ (ਆਈ.ਏ.ਐਸ) ਵੱਲੋਂ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਵੱਲੋਂ ਸਕੂਲ ਨੂੰ 10 ਸਕੂਲ ਬੈਗ ਕਿੱਟਸ ਅਤੇ ਦੋ ਵਾਟਰ ਫਿਲਟਰ ਵੀ ਭੇਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਵੱਲੋਂ 14 ਨੇਤਰਹੀਣ ਬੱਚਿਆਂ ਨੂੰ ਗਿਆਨ, ਕਲਾ ਅਤੇ ਸੰਗੀਤ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਹੁਣ ਇਨ੍ਹਾਂ ਬੱਚਿਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਸੁਸਾਇਟੀ ਵਿਚ ਲੁਧਿਆਣਾ ਬੇਵਰੇਜ਼ਸ ਪ੍ਰਾਈਵੇਟ ਲਿਮਟਿਡ (ਕੋਕਾ ਕੋਲਾ) ਦੇ ਸਹਿਯੋਗ ਨਾਲ ਸੁਸਾਇਟੀ ਨੂੰ ਫੁਲੀ ਆਟੋਮੈਟਿਕ ਮਸ਼ੀਨਾਂ ਅਤੇ ਕੱਚਾ ਮਾਲ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਅਤੇ ਰੈੱਡ ਕਰਾਸ ਸਟਾਫ ਵੱਲੋਂ ਇਨ੍ਹਾਂ ਨੇਤਰਹੀਣ ਬੱਚਿਆਂ ਅਤੇ ਸਕੂਲ ਦੇ ਸਟਾਫ ਨੂੰ ਮਸ਼ੀਨ ਚਲਾਉਣ, ਸਾਮਾਨ ਬਣਾਉਣ ਅਤੇ ਪੈਕ ਕਰਨ ਦੀ ਉਚਿਤ ਟ੍ਰੇਨਿੰਗ ਦਿੱਤੀ ਗਈ ਹੈ। ਇਨ੍ਹਾਂ ਦੋ ਮਸ਼ੀਨਾਂ ਰਾਹੀਂ 8 ਘੰਟੇ ਵਿਚ ਕਰੀਬ 20 ਹਜ਼ਾਰ ਡਿਸਪੋਜ਼ੇਬਲ ਆਈਟਮਸ ਬਣਾਈਆਂ ਜਾ ਸਕਦੀਆਂ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਵਿੰਗਜ਼ ਪ੍ਰੋਜੇਕਟ ਦੀਆਂ ਕੰਟੀਨਾਂ ‘ਤੇ ਰੋਜ਼ਾਨਾ ਤੌਰ ‘ਤੇ ਇਸਤੇਮਾਲ ਹੋਣ ਵਾਲੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਗਲਾਸਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ 10 ਹਜ਼ਾਰ ਦਾ ਪਹਿਲਾ ਆਰਡਰ ਸੁਸਾਇਟੀ ਨੂੰ ਦੇ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਨੇਤਰਹੀਣ ਬੱਚਿਆਂ ਦੁਆਰਾ ਬਣਾਇਆ ਗਿਆ ਸਾਮਾਨ ਵਿੰਗਜ਼ ਪ੍ਰੋਜੈਕਟ ਦੇ ਸਪੈਸ਼ਲ ਬੱਚਿਆਂ ਦੁਆਰਾ ਖਰੀਦਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਸਮੇਂ-ਸਮੇਂ ‘ਤੇ ਯੋਗ ਅਗਵਾਈ ਅਤੇ ਹੋਰ ਆਰਡਰ ਬੁੱਕ ਕਰਨ ਵਿਚ ਵੀ ਰੈੱਡ ਕਰਾਸ ਵੱਲੋਂ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਘੱਟ ਵਿਕਸਤ ਅਤੇ ਅਸਮਰੱਥ ਬੱਚਿਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਪ੍ਰੋਜੈਕਟ ਚਲਾ ਰਹੀ ਹੈ। ਸੁਸਾਇਟੀ ਵੱਲੋਂ ਪਹਿਲਾ ਤੋਂ ਹੀ ਮਾਨਸਿਕ ਤੌਰ ‘ਤੇ ਘੱਟ ਵਿਕਸਿਤ ਬੱਚਿਆਂ (ਸਪੈਸ਼ਲ ਬੱਚਿਆਂ) ਲਈ ‘ਵਿੰਗਜ਼’ ਨਾਮ ਦਾ ਇਕ ਬਿਹਤਰੀਨ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਵੱਖ-ਵੱਖ ਸਥਾਨਾਂ ‘ਤੇ ਕੰਟੀਨਾਂ ਖੋਲ੍ਹ ਕੇ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦਿਕੀ, ਰੋਜ਼ਗਾਰ ਦਫ਼ਤਰ ਤੋਂ ਅਦਿੱਤਿਆ ਰਾਣਾ, ਮੈਨੇਜਰ ਕੋਕਾ ਕੋਲਾ ਗੁਰਮੀਤ ਸਿੰਘ, ਰੈੱਡ ਕਰਾਸ ਕਾਰਜਕਾਰੀ ਮੈਂਬਰ ਰਾਜੀਵ ਬਜਾਜ, ਸਰਬਜੀਤ ਸਿੰਘ, ਕੁਲਵੀਰ ਕੌਰ, ਗੁਰਮੀਤ ਕੌਰ, ਬਲਾਇੰਡ ਐਂਡ ਹੈਂਡੀਕਪਡ ਡਿਵੈਲਪਮੈਂਟ ਸੁਸਾਇਟੀ ਬਾਹੋਵਾਲ ਦੇ ਪ੍ਰਧਾਨ ਮਾਸਟਰ ਅਤਰ ਸਿੰਘ ਅਤੇ ਵਿਕਾਸ ਸਲੂਜਾ ਵੀ ਮੌਜੂਦ ਸਨ।