ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਫਸਟ ਏਡ ਟੀਮ ਅਤੇ ਐਂਬੂਲੈਂਸ ਵੈਨ ਨੇ ਹੋਲੇ ਮਹੱਲੇ ਮੌਕੇ ਦਿੱਤੀਆਂ ਸੇਵਾਵਾਂ
ਹੁਸ਼ਿਆਰਪੁਰ, 26 ਮਾਰਚ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ’ਤੇ ਫਸਟ ਏਡ ਦੀ ਪੋਸਟ ਲਗਾ ਕੇ ਸੰਗਤਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਵੱਲੋਂ 24 ਤੋਂ 26 ਮਾਰਚ ਤੱਕ ਤਿੰਨ ਦਿਨ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ’ਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਫਸਟ ਏਡ ਦੀ ਸਹਾਇਤਾ ਮੁਹੱਈਆ ਕਰਨ ਲਈ ਫਸਟ ਏਡ ਦੇ ਮਾਹਿਰਾਂ ਦੀ ਇਕ ਟੀਮ ਭੇਜੀ ਗਈ, ਜਿਸ ਵਿਚ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਜਾਜਾ, ਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਬਿੰਜੋਂ, ਸੋਹਣ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਬੈਂਸ ਅਵਾਨਾ, ਰਣਜੀਤ ਸਿੰਘ, ਅਮਰਜੀਤ ਸਿੰਘ ਬੰਗੜ, ਹਰਦੀਪ ਸਿੰਘ, ਕਮਲਦੀਪ ਸਿੰਘ ਸ਼ਾਮਿਲ ਸਨ।
ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸੰਗਤਾਂ ਦੀ ਸੁਵਿਧਾ ਲਈ ਫਸਟ ਏਡ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਮੁਫ਼ਤ ਮੁਹੱਈਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਐਂਬੂਲੈਂਸ ਵੈਨ ਵੱਲੋਂ ਰੋਗੀਆਂ ਅਤੇ ਜ਼ਖਮੀਆਂ ਨੂੰ ਦੂਰ-ਨੇੜੇ ਦੇ ਹਸਪਤਾਲਾਂ ਵਿਖੇ ਪਹੁੰਚਾਉਣ ਦੀ ਸੇਵਾ ਵੀ ਕੀਤੀ ਗਈ।