ਮੈਰਿਜ ਪੈਲੇਸ/ਰਿਸੋਰਟ ’ਚ ਹੋਣ ਵਾਲੇ ਰਾਜਨੀਤਿਕ ਸਮਾਗਮਾਂ ਤੇ ਮੀਟਿੰਗਾਂ ਦੀ ਅਗੇਤੀ ਸੂਚਨਾ ਦੇਣੀ ਬਣਾਈ ਜਾਵੇ ਯਕੀਨੀ : ਕੋਮਲ ਮਿੱਤਲ
ਹੁਸ਼ਿਆਰਪੁਰ, 20 ਮਾਰਚ: ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਾਰੇ ਮੈਰਿਜ ਪੈਲੇਸ/ਰਿਸੋਰਟ ਮਾਲਕਾਂ ਅਤੇ ਉਨ੍ਹਾਂ ਦੇ ਪ੍ਰਤੀਨਿੱਧੀਆਂ ਨਾਲ ਮੀਟਿੰਗ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਚੋਣ ਮੀਟਿੰਗਾਂ ਅਤੇ ਰੈਲੀਆਂ ਕਰਨ ਦੀ ਅਗੇਤੀ ਸੂਚਨਾ ਮੈਰਿਜ ਪੈਲੇਸ ਮਾਲਕਾਂ ਵਲੋਂ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇ, ਤਾਂ ਜੋ ਸਬੰਧਤ ਡਿਊਟੀ ’ਤੇ ਤਾਇਨਾਤ ਟੀਮਾਂ ਵਲੋਂ ਕਿਸੇ ਵੀ ਤਰ੍ਹਾਂ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਰੈਲੀਆਂ/ਮੀਟਿੰਗਾਂ ਦੌਰਾਨ ਹੋਣ ਵਾਲੇ ਖਰਚਿਆਂ ਦਾ ਪਤਾ ਲਗਾ ਕੇ ਸਬੰਧਤ ਉਮੀਦਵਾਰ ਜਾਂ ਪਾਰਟੀਆਂ ਵਲੋਂ ਕੀਤਾ ਗਿਆ ਖਰਚਾ ਬੁੱਕ ਕਰਨ ਲਈ ਜ਼ਰੂਰੀ ਹੈ ਕਿ ਪੈਲੇਸ ਮਾਲਕ ਵਲੋਂ ਇਸ ਦੀ ਸੂਚਨਾ ਪਹਿਲਾਂ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਮੈਰਿਜ ਪੈਲੇਸ/ਰਿਸੋਰਟ ਮਾਲਕਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਘਰੇਲੂ ਸਮਾਰੋਹ ਦੀ ਆੜ ਵਿਚ ਚੋਣ ਮੀਟਿੰਗ/ਰੈਲੀ ਤੋਂ ਬੱਚਣ ਲਈ, ਸਮਾਰੋਹ ਦਾ ਸੱਦਾ ਪੱਤਰ (ਕਾਰਡ) ਨਾਲ ਲਗਾਇਆ ਜਾਵੇ ਅਤੇ ਬਣਦਾ ਪਰਮਿੱਟ ਯਕੀਨੀ ਬਣਾਇਆ ਜਾਵੇ।
ਇਸ ਨਾਲ ਸਬੰਧਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਜਾਂ ਸਮੱਸਿਆ ਦੇ ਹੱਲ ਲਈ ਮੈਰਿਜ ਪੈਲੇਸਾਂ ਦੇ ਮਾਲਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ਦੇ ਕਮਰਾ ਨੰਬਰ 514 ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਦਿਵਿਆ.ਪੀ, ਚੋਣ ਤਹਿਸੀਦਾਰ ਸਰਬਜੀਤ ਸਿੰਘ, ਆਬਕਾਰੀ ਅਫ਼ਸਰ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਬੀਰ ਸਿੰਘ ਵੀ ਮੌਜੂਦ ਸਨ।