ਖੇਤੀਬਾੜੀ ਵਿਭਾਗ ਨੇ ਪਿੰਡ ਚੌਹਾਲ ਵਿਖੇ ‘ਕਰਾਪ ਰੀਪਰ-ਸਵੈ ਚਲਿਤ’ ਮਸ਼ੀਨ ਨਾਲ ਕਣਕ ਦੀ ਵਾਢੀ ਕਰਵਾਈ
ਹੁਸ਼ਿਆਰਪੁਰ, 18 ਅਪ੍ਰੈਲ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਵਲੋਂ ਬਲਾਕ ਹੁਸ਼ਿਆਰਪੁਰ-2 ਦੇ ਪਿੰਡ ਚੌਹਾਲ ਦੇ ਕਿਸਾਨ ਜਸਵੰਤ ਦੇ ਖੇਤਾਂ ਵਿਚ ‘ਕਰਾਪ ਰੀਪਰ-ਸਵੈ ਚਲਿਤ’ ਮਸ਼ੀਨ ਨਾਲ ਕਣਕ ਦੀ ਵਾਢੀ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਖੇਤੀਬਾੜੀ ਅਫ਼ਸਰ ਡਾ. ਦੀਪਕ ਪੁਰੀ ਨੇ ਦੱਸਿਆ ਕਿ ਇਹ ਕਰਾਪ ਰੀਪਰ ਮਸ਼ੀਨ ਸਰਕਾਰ ਵਲੋਂ ਚਲਾਈ ਜਾ ਰਹੀ ਇਨ-ਸਿਟੂ ਸੀ.ਆਰ.ਐਮ ਸਕੀਮ ਸਾਲ-2022-23 ਤਹਿਤ ਬਲਾਕ ਪੱਧਰੀ ਮਸ਼ੀਨਰੀ ਕਸਟਮ ਹਾਇਰਿੰਗ ਸੈਂਟਰ ਵਿਚ ਖਰੀਦੀ ਗਈ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਤਿਨ ਵਸ਼ਿਸ਼ਟ ਅਤੇ ਡਾ. ਧਰਮਵੀਰ ਸ਼ਾਰਦ ਨੇ ਦੱਸਦਿਆ ਕਿ ਇਹ ਮਸ਼ੀਨ ਕਿਸਾਨਾਂ, ਖਾਸ ਤੌਰ ’ਤੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਵਾਜਬ ਕਿਰਾਏ ’ਤੇ ਬਲਾਕ ਦਫ਼ਤਰ ਤੋਂ ਮੁਹੱਈਆ ਕਰਵਾਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਲਾਕ ਦਾ ਕੋਈ ਵੀ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਆ ਕੇ ਇਸ ਮਸ਼ੀਨ ਦੀ ਬੁਕਿੰਗ ਕਰਵਾ ਸਕਦਾ ਹੈ। ਇਸ ਮਸ਼ੀਨ ਨਾਲ ਕਣਕ ਦੀ ਰਵਾਇਤੀ ਤੌਰ ’ਤੇ ਹੋਣ ਵਾਲੀ ਵਾਢੀ ਅਤੇ ਹੋਣ ਵਾਲੇ ਖਰਚੇ ਵਿਚ ਲਗਭਗ 70-80 ਫੀਸਦੀ ਤੱਕ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ ਹੀ ਇਹ ਦਿਨੋਂ-ਦਿਨ ਘੱਟਦੀ ਜਾ ਰਹੀ ਖੇਤੀ ਕਾਮਿਆਂ ਦੀ ਉਪਲਬੱਧਤਾ ਦੀ ਸਮੱਸਿਆ ਦੇ ਹੱਲ ਵਜੋਂ ਸਾਬਤ ਹੋ ਸਕਦੀ ਹੈ। ਇਸ ਮੌਕੇ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਹੁਸ਼ਿਆਰਪੁਰ ਇੰਜੀ: ਲਵਲੀ ਨੇ ਇਸ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਲਗਭਗ 2 ਘੰਟਿਆਂ ਵਿਚ ਇਕ ਏਕੜ ਦੀ ਕਣਕ ਦੀ ਵਾਢੀ ਕੀਤੀ ਜਾ ਸਕਦੀ ਹੈ। ਕਿਸਾਨ ਇਕ ਰਜਿਸਟਰਡ ਕਿਸਾਨ ਸਮੂਹ ਵਲੋਂ ਇਨ੍ਹਾਂ ਮਸ਼ੀਨਾਂ ਦੀ ਖਰੀਦ ਕਰਕੇ ਕਸਟਮ ਹਾਇਰਿੰਗ ਰਾਹੀਂ ਹੋਰਨਾਂ ਕਿਸਾਨਾਂ ਨੂੰ ਇਹ ਮਸ਼ੀਨਾਂ ਕਿਰਾਏ ’ਤੇ ਉਪਲਬੱਧ ਕਰਵਾ ਕੇ ਆਮਦਨ ਦੇ ਸਾਧਨ ਪੈਦਾ ਕਰ ਸਕਦੇ ਹਨ। ਇਸ ਮੌਕੇ ਬੀ.ਸੀ.ਐਸ ਕੰਪਨੀ ਤੋਂ ਇੰਜੀਨੀਅਰ ਮਲਕੀਤ ਸਿੰਘ ਅਤੇ ਦੁਆਬਾ ਐਗਰੋ ਹੁਸ਼ਿਆਰਪੁਰ ਤੋਂ ਬਲਜਿੰਦਰ ਸਿੰਘ ਵੀ ਮੌਜੂਦ ਸਨ।