ਸਾਂਝੇ ਹਮਲੇ ਨਾਲ ਡੇਂਗੂ ਨੂੰ ਹਰਾਇਆ ਜਾ ਸਕਦਾ ਹੈ: ਡਾ.ਜਗਦੀਪ ਸਿੰਘ

ਹੁਸ਼ਿਆਰਪੁਰ 16 ਮਈ 2025 ( ਹਰਪਾਲ ਲਾਡਾ ): ਅੱਜ ਕੌਮੀ ਡੇਂਗੂ ਦਿਵਸ ਮੌਕੇ ਸਿਵਲ ਸਰਜਨ ਡਾ.ਪਵਨ ਕੁਮਾਰ ਸ਼ਗੋਤਰਾ ਦੇ ਨਿਰਦੇਸ਼ਾਂ ਅਨੁਸਾਰ “ਦੇਖੋ, ਸਾਫ ਕਰੋ, ਢਕੋ : ਡੇਂਗੂ ਨੂੰ ਹਰਾਉਣ ਦੇ ਉਪਾਅ ਕਰੋ” ਥੀਮ ਤਹਿਤ ਜ਼ਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਦੀ ਅਗਵਾਈ ਹੇਠ ਐਚਆਰ ਸ਼੍ਰੀ ਨਰਿੰਦਰ ਸਿੰਘ ਰਾਣਾ ਦੇ ਸਹਿਯੋਗ ਨਾਲ ਵਰਧਮਾਨ ਸਪਿੰਨਿੰਗ ਮਿੱਲ ਹੁਸ਼ਿਆਰਪੁਰ ਵਿਖੇ ਡੇਂਗੂ ਸੰਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ ਐਸਐਮਓ ਈਐਸਆਈ ਡਾ ਕਮਲਜੀਤ ਸਿੰਘ ਚੌਹਾਨ, ਜ਼ਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਮੈਡਮ ਰਮਨਦੀਪ ਕੌਰ, ਐਚਆਈ ਤਰਸੇਮ ਸਿੰਘ, ਜਸਵਿੰਦਰ ਸਿੰਘ ਤੇ ਵਿਸ਼ਾਲ ਪੁਰੀ ਅਤੇ ਏ.ਐਨ.ਐਮ ਮਨੀਸ਼ਾ ਠਾਕੁਰ ਤੇ ਸੁਰਿੰਦਰ ਕੌਰ ਨੇ ਸ਼ਿਰਕਤ ਕੀਤੀ।


ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਕਿ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ। ਉਨਾਂ ਕਿਹਾ ਕਿ ਜੇਕਰ ਆਮ ਲੋਕ ਇਸ ਦੇ ਫੈਲਣ ਦੇ ਕਾਰਣਾਂ, ਬਚਾਅ ਸੰਬੰਧੀ ਸਾਵਧਾਨੀਆਂ ਅਤੇ ਇਸ ਦੇ ਲੱਛਣਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣਗੇ ਤੱਦ ਹੀ ਅਸੀਂ ਡੇਂਗੂ ਦਾ ਖਾਤਮਾ ਕਰ ਸਕਦੇ ਹਾਂ।

ਡਾ ਜਗਦੀਪ ਸਿੰਘ ਨੇ ਡੇਂਗੂ ਬਾਰੇ ਪੀਪੀਟੀ ਰਾਹੀਂ ਦੱਸਿਆ ਕਿ ਡੇਂਗੂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ। ਇਹ ਖੁੱਲ੍ਹੇ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ,ਜਿਵੇਂ ਕਿ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟ੍ਰੇਆਂ, ਬਾਹਰ ਪਏ ਟਾਇਰਾਂ ਅਤੇ ਟੁੱਟੇ ਬਰਤਨਾਂ ਆਦਿ ਜਿਹਨਾਂ ਵਿੱਚ ਪਾਣੀ ਖੜ੍ਹਾ ਰਹੇ। ਇਸ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ।
ਇਸ ਦੇ ਲਈ ਹਫਤੇ ਵਿੱਚ ਇੱਕ ਵਾਰ ਆਪਣੇ ਕੂਲਰਾਂ, ਗਮਲਿਆਂ, ਪੰਛੀਆਂ ਵਾਸਤੇ ਰੱਖੇ ਪਾਣੀ ਵਾਲੇ ਬਰਤਨਾਂ ਅਤੇ ਫਰਿੱਜ ਦੀ ਟ੍ਰੇਆਂ ਨੂੰ ਜਰੂਰ ਸਾਫ ਕੀਤਾ ਜਾਵੇ। ਵਿਹੜੇ ਵਿੱਚ ਅਤੇ ਛੱਤਾਂ ਉੱਪਰ ਪੁਰਾਣੇ ਟਾਇਰ ਅਤੇ ਟੁੱਟੇ ਬਰਤਨਾਂ ਆਦਿ ਵਿੱਚ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ। ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਅਜਿਹੇ ਕੱਪੜੇ ਪਹਿਨੋ ਕਿ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ। ਘਰਾਂ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ, ਤੇਲ ਆਦਿ ਦੀ ਵਰਤੋਂ ਕਰੋ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ।
ਇਸ ਮੌਕੇ ਹਾਜ਼ਰ ਐਚਆਈ ਤਰਸੇਮ ਸਿੰਘ ਨੇ ਡੇਂਗੂ ਦੇ ਲੱਛਣਾਂ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਡੇਂਗੂ ਨਾਲ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ਼ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣੀ ਅਤੇ ਚਮੜੀ ਤੇ ਦਾਣ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਦਿਖੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਖੂਨ ਦੀ ਜਾਂਚ ਕਰਵਾਉ ਅਤੇ ਡਾਕਟਰ ਦੀ ਸਲਾਹ ਲਵੋਂ।
ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਨੇ ਕਿਹਾ ਕਿ ਡੇਂਗੂ ਬੁਖਾਰ ਇਕ ਵਾਇਰਲ ਬੁਖਾਰ ਹੁੰਦਾ ਹੈ ਤੇ ਇਹ ਪੰਜ ਤੋਂ ਸੱਤ ਦਿਨ ਤੱਕ ਰਹਿੰਦਾ ਹੈ ਤੇ ਫਿਰ ਠੀਕ ਹੋ ਜਾਂਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਡਾਕਟਰ ਦੀ ਸਲਾਹ ਤੋਂ ਬਿਨਾਂ ਆਪਣੇ-ਆਪ ਕੋਈ ਦਵਾਈ ਨਾ ਲਓ। ਸਿਰਫ ਪੈਰਾਸੀਟਮੌਲ ਦੀ ਹੀ ਵਰਤੋਂ ਕੀਤੀ ਜਾਵੇ। ਐਸਪਰਿਨ ਜਾ ਬਰੂਫਨ ਦੀ ਵਰਤੋਂ ਨਾ ਕੀਤੀ ਜਾਵੇ।ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਮੁਫਤ ਕੀਤਾ ਜਾਦਾ ਹੈ।
ਪ੍ਰੋਗਰਾਮ ਦੇ ਅੰਤ ਵਿਚ ਐਚਆਰ ਨਰਿੰਦਰ ਸਿੰਘ ਰਾਣਾ ਵੱਲੋਂ ਸਿਹਤ ਵਿਭਾਗ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਕਰਮਚਾਰੀਆਂ ਵਲੋਂ ਇਹ ਜਾਣਕਾਰੀ ਅੱਗੇ ਸਾਂਝੀ ਕਰਨ ਦਾ ਭਰੋਸਾ ਦਿੱਤਾ ਗਿਆ।