Amritsarਮਨੋਰੰਜਨ

ਰਾਸ਼ਟਰੀ ਰੰਗਮੰਚ ਉਤਸਵ ਦੇ ਪੰਜਵੇਂ ਦਿਨ ਨਾਟਕ “ਮਨ ਮਿੱਟੀ ਦਾ ਬੋਲਿਆ” ਕੀਤਾ ਗਿਆ ਪੇਸ਼

ਅੰਮ੍ਰਿਤਸਰ, 19 ਮਾਰਚ ( ਹਰਪਾਲ ਲਾਡਾ ): ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵੇਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਪੰਜਵੇਂ ਦਿਨ ਸੁਚੇਤਕ ਰੰਗਮੰਚ ਮੋਹਾਲੀ ਦੀ ਟੀਮ ਦੁਆਰਾ ਸ਼ਬਦੀਸ਼ ਦਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਵਲੋਂ ਨਿਰਦੇਸ਼ਤ ਕੀਤਾ ਨਾਟਕ “ਮਨ ਮਿੱਟੀ ਦਾ ਬੋਲਿਆ” ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।

ਇਕ ਪਾਤਰੀ ਮਨ ਮਿੱਟੀ ਦਾ ਬੋਲਿਆ ਨਾਟਕ ਭਾਰਤੀ ਸਮਾਜ ਵਿੱਚ ਇਸਤਰੀ ਦੀ ਹੋਣੀ-ਅਨਹੋਣੀ ਨੂੰ ਦਰਸਾਉਂਦੀ ਰਚਨਾ ਹੈ। ਇਹ ਨਾਟਕ ਦੇਸ਼-ਵਦੇਸ਼ ਦੇ ਵਸੀਹ ਦਾਇਰੇ ਵਿੱਚ ਬਲਾਤਕਾਰ ਦਾ ਸ਼ਿਕਾਰ ਔਰਤਾਂ ਦੀ ਤ੍ਰਾਸਦੀ ਬਿਆਨ ਕਰਦਾ ਹੈ। ਇਹ ਨਾਟਕ ਇਸ ਗੰਭੀਰ ਸਮੱਸਿਆ ਨੂੰ ਮਰਦ-ਪ੍ਰਧਾਨ ਸਮਾਜ ਦੇ ਵਸ਼ਿਵ-ਵਿਆਪੀ ਵਰਤਾਰੇ ਦੇ ਸੰਦਰਭ ਵਿੱਚ ਸਾਕਾਰ ਕਰਦਾ ਹੈ। ਇਹ ਇੱਕ-ਪਾਤਰੀ ਨਾਟਕ ਭਾਸ਼ਨੀ ਮੋਨੋਲਾੱਗ ਨਹੀਂ ਹੈ, ਬਲਕਿ ਕਥਾਕ੍ਰਮ ਨੂੰ ਸੀਨ-ਦਰ-ਸੀਨ ਅਗਾਂਹ ਤੋਰਦਾ ਹੈ।

ਇਸ ਲਈ ਢੁੱਕਵੀਆਂ ਨਾਟਕੀ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਨਾਟਕ ਦਾ ਆਗਾਜ਼ ਵਰਜੀਨੀਆ ਵੁਲਫ਼ ਲਈ ਹਵਾਲਾ ਬਣੀ ਕਵਿਤਾ ਨਾਲ਼ ਹੁੰਦਾ ਹੈ, ਜੋ ਟਾਈਮ ਆੱਫ ਐਲਜ਼ਾਬੈਥ ਦੇ ਮੱਦੇਨਜ਼ਰ ਸਵਾਲ ਉਠਾਉਂਦੀ ਹੈ ਕਿ ਸਮਾਜ ਦੇ ਗਤੀਸ਼ੀਲ ਵਕਾਸ ਵਿੱਚ ਇਸਤਰੀ ਤੇ ਮਰਦ ਦਾ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਲਮ ਉਠਾਕੇ ਲਿਖਣ ਵਿੱਚ ਸਦੀਆਂ ਦਾ ਫ਼ਾਸਲਾ ਕਿਉਂ ਹੈ? ਵਿਕਸਤ ਮੰਨੇ ਜਾਂਦੇ ਦੇਸਾਂ ਦਾ ਇਹ ਫ਼ਾਸਲਾ ਸੁਚੇਤ ਭਾਰਤੀ ਨਾਰੀ ਦੀ ਪ੍ਰਤੀਨਿਧਤਾ ਕਰਦੇ ਨਾਟਕੀ ਕਿਰਦਾਰ ਨੂੰ ਸੱਚ ਦੀ ਸੋਝੀ ਵੱਲ ਤੋਰਦਾ ਹੈ।

ਉਹ ਭਾਰਤ ਦੀ ਕੌਮੀ ਰਾਜਧਾਨੀ ਵਿੱਚ ਹੋਏ ਭਿਆਨਕ ਰੇਪ ਕਾਂਡ ਖ਼ਲਾਫ਼ ਪੈਦਾ ਹੋਏ ਵਿਆਪਕ ਵਿਦਰੋਹ ਦੌਰਾਨ ਸਮਾਜ ਅੰਦਰ ਵਾਪਰਦੇ, ਪਰ ਅੱਖਾਂ ਤੋਂ ਪਰੋਖੇ ਰਹਿ ਰਹੇ ਜਿਨਸੀ ਸੋਸ਼ਣ ਦੀ ਪੀਡ਼ਾ ਆਪਣੇ ਤਨ ਮਨ ਤੇ ਮਹਸੂਸ ਕਰਦੀ ਹੈ। ਇਹ ਜਿਨਸੀ ਸੋਸ਼ਣ ਘਰਾਂ ਅੰਦਰ ਹੁੰਦਾ ਹੈ, ਜਿਸ ਤੇ ਸਾਡਾ ਇੱਜ਼ਤਦਾਰ ਸਮਾਜ ਪਰਦਾਪੋਸ਼ੀ ਕਰਦਾ ਹੈ। ਇਸ ਤਰ੍ਹਾਂ ਕਥਾ ਕੋਲਾਜ ਨਾਰੀ ਦੇ ਹੋਂਦ ਦੇ ਸੰਕਟ ਤੇ ਉਸਦੇ ਸੰਘਰਸ਼ ਨੂੰ ਪਰਤ-ਦਰ-ਪਰਤ ਖੁਲ੍ਹਣ ਦੇ ਰਾਹ ਪੈ ਜਾਂਦਾ ਹੈ।

ਇਸ ਨਾਟ ਕਥਾ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੀਆਂ ਔਰਤਾਂ ਦਾ ਦਰਦ ਹੈ, ਜਿਸ ਵਿੱਚ ਅੰਤਾਂ ਦੀ ਗਰੀਬੀ ਭੋਗਦੇ ਪਰਿਵਾਰਾਂ ਦੀ ਦਲਿਤ ਇਸਤਰੀ ਵੀ ਹੈ ਅਤੇ ਸਆਿਸੀ-ਸਮਾਜੀ ਸਵਾਲਾਂ ਸਰੋਕਾਰਾਂ ਪ੍ਰਤੀ ਸੁਚੇਤ ਤੇ ਸਾਹਤਿਕ ਸੁਭਾਅ ਵਾਲ਼ੀ ਇਸਤਰੀ ਵੀ ਹੈ। ਇੱਕ ਸੁਚੇਤ ਔਰਤ ਜਿਉਂ ਹੀ ਖ਼ੁਦਕੁਸ਼ੀ ਦੇ ਰਾਹ ਪੈਂਦੀ ਹੈ, ਉਸਦੇ ਸਾਹਮਣੇ ਪਾਕਸਿਤਾਨ ਦੀ ਮੁਖ਼ਤਾਰਾਂ ਮਾਈ ਆ ਖੜੀ ਹੁੰਦੀ ਹੈ, ਜਿਸਨੇ ਗਰੀਬੀ ਦੇ ਬਾਵਜੂਦ ਜ਼ੋਰਾਵਰਾਂ ਦਾ ਸਾਹਮਣਾ ਕਰਦੇ ਹੋਏ ਸੰਘਰਸ਼ ਦੀ ਮਸ਼ਾਲ ਜਗਾ ਰੱਖੀ ਹੈ।

ਇਸ ਤਰ੍ਹਾਂ ਨਾਟਕ ਸਿਖ਼ਰ ਵੱਲ ਵਧਦਾ ਹੈ ਤੇ ਮਾਨਵ ਸਮਾਜ ਦੇ ਇਤਹਾਸਕ ਸੰਕਟ ਦਾ ਹੱਲ ਚੇਤਨਾ ਦੇ ਵਕਾਸ ਵਿੱਚ ਵੇਖਦਾ ਹੈ। ਇਹ ਨਾਟਕ ਪੱਛਮ ਦੇ ਪੂੰਜੀਵਾਦੀ ਨਾਰੀਵਾਦ ਨੂੰ ਸਵਾਲਾਂ ਦੇ ਦਾਇਰੇ ਵਿੱਚ ਰੱਖਦੇ ਹੋਏ ਇਸਤਰੀ ਜਾਤੀ ਦੀ ਹੋਂਦ ਦੇ ਸੰਘਰਸ਼ ਦੀ ਪੈਰਵਾਈ ਕਰਦਾ ਹੈ। ਇਸ ਨਾਟਕ ਵਿੱਚ ਅਨੀਤਾ ਸ਼ਬਦੀਸ਼ ਦੁਆਰਾ ਦਮਦਾਰ ਅਦਾਕਾਰੀ ਪੇਸ਼ ਕੀਤੀ ਗਈ। ਨਾਟਕ ਦਾ ਗੀਤ ਮਿੰਨੀ ਦਿਲਖੁਸ਼ ਅਤੇ ਸੰਗੀਤ ਦਿਲਖੁਸ਼ ਥਿੰਦ ਵੱਲੋਂ ਦਿੱਤਾ ਗਿਆ। ਰੌਸ਼ਨੀ ਪ੍ਰਭਾਵ ਹਰਮੀਤ ਭੁੱਲਰ ਵੱਲੋਂ ਦਿੱਤਾ ਗਿਆ। ਇਸ ਮੌਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਟੀ ਐੱਸ ਰਾਜਾ, ਵਿਪਨ ਧਵਨ ਆਦਿ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ। 

Related Articles

Leave a Reply

Your email address will not be published. Required fields are marked *

Back to top button

You cannot copy content of this page