ਪੈਨਸ਼ਨਰਾਂ ਨੂੰ 31 ਮਾਰਚ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਜਮਾਂ ਕਰਵਾਉਣਾ ਲਾਜ਼ਮੀ


ਹੁਸ਼ਿਆਰਪੁਰ : 15 ਮਾਰਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਨ ਲਈ ਲਾਈਫ ਸਰਟੀਫਿਕੇਟ ਆਨਲਾਈਨ ਸਵੀਕਾਰੇ ਜਾ ਰਹੇ ਹਨ ਪਰ ਫਿਰ ਵੀ ਕਈ ਪੈਨਸ਼ਨਰਾਂ ਅਤੇ ਬੈਂਕਾਂ ਵੱਲੋਂ ਜੀਵਨ ਪ੍ਰਮਾਣ ਪੱਤਰ ਆਫਲਾਈਨ ਜਾਂ ਦਸਤੀ ਰੂਪ ਵਿੱਚ ਜਮਾਂ ਕਰਵਾਏ ਗਏ ਹਨ। ਇਸ ਬਾਰੇ ਰਾਜ ਸਰਕਾਰ ਵੱਲੋਂ ਇਕ ਵਾਰ ਫਿਰ ਸਭ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ/ਲਾਈਫ ਸਰਟੀਫਿਕੇਟ ਆਨਲਾਈਨ ਰੂਪ ਵਿੱਚ ਜਮਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੇਸ ਰਾਜ ਨੇ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਵੱਲੋਂ ਲਾਈਫ ਸਰਟੀਫਿਕੇਟ ਆਨ ਲਾਈਨ ਜਮਾਂ ਨਹੀ ਕਰਵਾਏ, ਉਹ 31 ਮਾਰਚ 2026 ਤੱਕ ਇਸਨੂੰ ਆਪਣੇ ਨਜ਼ਦੀਕੀ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਾਂ ਉੱਪ ਖ਼ਜ਼ਾਨਾ ਦਫ਼ਤਰ, ਆਪਣੀ ਬੈਂਕ ਬ੍ਰਾਂਚ, ਸੇਵਾ ਕੇਂਦਰ, ਹੈਪਲਲਾਈਨ ਨੰਬਰ 1076 ਤੇ ਕਾਲ ਕਰਕੇ ਜਾਂ ਫਿਰ ‘ਜੀਵਨ ਪ੍ਰਮਾਣ ਪੱਤਰ’ ਮੋਬਾਈਨ ਐਪ ਰਾਹੀਂ ਖ਼ੁਦ ਆਪ ਜਮਾਂ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਆਨਲਾਈਨ ਸਰਟੀਫਿਕੇਟ ਜਮਾਂ ਕਰਵਾਉਣ ਉਪਰੰਤ ਪੈਨਸ਼ਨਰ ਨੂੰ ਤੁਰੰਤ ਇਸ ਸਬੰਧੀ ਸਰਟੀਫਿਕੇਟ ਫੋਨ ‘ਤੇ ਪ੍ਰਾਪਤ ਹੋ ਜਾਂਦਾ ਹੈ। ਪੈਨਸ਼ਨ ਬਿਨ੍ਹਾਂ ਕਿਸੀ ਰੁਕਾਵਟ ਦੇ ਜਾਰੀ ਰੱਖਣ ਲਈ ਸਰਟੀਫਿਕੇਟ ਜਮਾਂ ਕਰਵਾਉਣ ਹਿਤ ਪੈਨਸ਼ਨਰ ਆਪਣੀ ਪੈਨਸ਼ਨ ਬੁੱਕ, ਖਾਤਾ ਨੰਬਰ, ਅਧਾਰ ਕਾਰਡ ਤੇ ਫੋਨ ਨਾਲ ਲੈ ਕੇ ਜਾਣਾ ਨਾ ਭੁੱਲੇ।



