ਵਿਧਾਇਕ ਜ਼ਿੰਪਾ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਕੀਤੀ ਮਹੱਤਵਪੂਰਨ ਮੀਟਿੰਗ


ਹੁਸ਼ਿਆਰਪੁਰ, 18 ਨਵੰਬਰ: ( ਹਰਪਾਲ ਲਾਡਾ ): ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਅੱਜ ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਇਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਕੀਤੀ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ, ਐਸ.ਡੀ.ਐਮ ਗੁਰਸਿਮਰਨਜੀਤ ਕੌਰ, ਐਸ.ਪੀ ਮਨਪ੍ਰੀਤ ਸ਼ੀਹਮਾਰ ਅਤੇ ਹੋਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ।
ਵਿਧਾਇਕ ਜਿੰਪਾ ਨੇ ਦੱਸਿਆ ਕਿ ਪਵਿੱਤਰ ਨਗਰ ਕੀਰਤਨ ਹੁਸ਼ਿਆਰਪੁਰ ਵਿਚ ਨਲੋਈਆਂ ਚੌਕ ਤੋਂ ਦਾਖ਼ਲ ਹੋਵੇਗਾ ਅਤੇ ਮਾਤਾ ਚਿੰਤਪੂਰਨੀ ਚੌਕ ਅਤੇ ਮਾਡਲ ਕਲੋਨੀ ਰਾਹੀਂ ਮਿੱਠਾ ਟਿਵਾਣਾ ਗੁਰਦੁਆਰਾ ਸਾਹਿਬ ਪਹੁੰਚੇਗਾ, ਜਿੱਥੇ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗ। ਨਗਰ ਕੀਰਤਨ ਫਿਰ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ, ਪ੍ਰੈਜ਼ੀਡੈਂਸੀ ਹੋਟਲ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਪ੍ਰਭਾਤ ਚੌਕ, ਕਮਾਲਪੁਰ ਚੌਕ, ਘੰਟਾਘਰ ਖੇਤਰ ਅਤੇ ਗੁਰਦੁਆਰਾ ਸਿੰਘ ਸਭਾ ਤੋਂ ਹੁੰਦਾ ਹੋਇਆ ਸੈਸ਼ਨ ਚੌਕ ਪਹੁੰਚੇਗਾ। ਸੈਸ਼ਨ ਚੌਕ ਵਿਖੇ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਉੱਥੋਂ ਇਹ ਨਗਰ ਕੀਰਤਨ ਮਾਹਿਲਪੁਰ ਅੱਡਾ, ਚੱਬੇਵਾਲ, ਮਾਹਿਲਪੁਰ, ਸੈਲਾ ਖੁਰਦ ਅਤੇ ਗੜ੍ਹਸ਼ੰਕਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਵੇਗਾ।

ਵਿਧਾਇਕ ਨੇ ਦੱਸਿਆ ਕਿ ਇਸ ਇਤਿਹਾਸਕ ਮੌਕੇ ‘ਤੇ ਸ਼ਹਿਰ ਵਿਚ ਸਫ਼ਾਈ, ਸੁਰੱਖਿਆ, ਟ੍ਰੈਫਿਕ ਪ੍ਰਬੰਧਨ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਗਰ ਕੀਰਤਨ ਦੇ ਰਸਤੇ ‘ਤੇ ਸਾਰੀਆਂ ਜ਼ਰੂਰੀ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ। ਉਨ੍ਹਾਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਸਵਾਗਤ ਪ੍ਰਬੰਧਾਂ, ਲੰਗਰ, ਪੀਣ ਵਾਲੇ ਪਾਣੀ, ਡਾਕਟਰੀ ਸਹਾਇਤਾ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਵਿਧਾਇਕ ਜਿੰਪਾ ਨੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਵਿਚ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਮੀਟਿੰਗ ਵਿੱਚ ਡੀ.ਐਸ.ਪੀ ਦੇਵਦੱਤ ਸ਼ਰਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਸਮਾਜ ਸੇਵਕ ਆਗਿਆ ਪਾਲ ਸਿੰਘ ਸਾਹਨੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।




