

ਅੰਮ੍ਰਿਤਸਰ, 28 ਜੁਲਾਈ ( ਹਰਪਾਲ ਲਾਡਾ ): ਯੂ. ਐਨ. ਇੰਟਰਟੇਨਮੈਂਟ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪੰਜਾਬੀ ਲੋਕ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ 27 ਜੁਲਾਈ ਤੋਂ 3 ਅਗਸਤ ਤੱਕ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਚੌਥਾਂ ‘8 ਦਿਨਾਂ ਸੁਰ ਉਤਸਵ’ ਦੇ ਦੂਜੇ ਦਿਨ ਮੁੱਖ ਮਹਿਮਾਨ ਡਾ. ਮਨਜਿੰਦਰ ਸਿੰਘ (ਮੁੱਖੀ, ਭਾਸ਼ਾ ਵਿਭਾਗ ਜੀ. ਐਨ. ਡੀ. ਯੂ) ਵਜੋ ਸ਼ਾਮਿਲ ਹੋਏ।
ਸਮਾਗਮ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਲਗੇ ਮੁਹੰਮਦ ਰਫ਼ੀ ਸਾਹਿਬ ਦੇ ਬੁੱਤ ਤੇ ਫੁਲਾਂ ਦੇ ਹਾਰ ਪਾਏ। ਇਸ ਮੌਕੇ ਸੁਰ ਉਤਸਵ ਕਲਾ ਰਤਨ ਐਵਾਰਡ ਨਾਲ ਕਵੀ ਵਿਸ਼ਾਲ ਬਿਆਸ ਅਤੇ ਵਿਅੰਗ ਕਵੀ ਸ੍ਰ. ਰਘਬੀਰ ਸਿੰਘ ਸੋਹਲ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸੂਰ ਉਤਸਵ ਸ਼ਾਸਤਰੀ ਸੰਗੀਤ, ਸਾਹਿਤ ਸੰਗੀਤ ਸੂਫ਼ੀ ਸੰਗੀਤ, ਲੋਕ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਮਰਪਿਤ ਹੈ।

ਸੁਰ ਉਤਸਵ ਦਾ ਦੂਜਾ ਦਿਨ ਸੰਸਾਰ ਪ੍ਰਸਿੱਧ ਮਰਹੂਮ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਰਿਹਾ। ਪਾਤਰ ਸਾਹਿਬ ਦੀਆਂ ਲਿਖਿਆ ਗ਼ਜ਼ਲਾਂ ਸ੍ਰੀ ਰਮੇਸ਼ ਭਗਤ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਰਸ਼ਕਾਂ ਦੇ ਰੂ–ਬ–ਰੂ ਕੀਤੀਆਂ। ਮੰਚ–ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਬਾਖੂਬੀ ਨਿਭਾਈ।
ਇਸ ਮੌਕੇ ਭੂਪਿੰਦਰ ਸਿੰਘ ਸੰਧੂ, ਐਸ. ਪੀ. ਅਰੋੜਾ, ਵਿਪਨ ਧਵਨ, ਰਾਣਾ ਪ੍ਰਤਾਪ ਸ਼ਰਮਾ, ਅਦਾਕਾਰ ਗੁਰਤੇਜ ਮਾਨ, ਡਾ. ਕਸ਼ਮੀਰ ਸਿੰਘ, ਹਰਜੀਤ ਸਿੰਘ, ਮਨਜੀਤ ਇੰਦਰ, ਸਾਵਨ ਵੇਰਕਾ, ਮਨਪ੍ਰੀਤ ਸੋਹਲ, ਜਸਕਰਨ ਸੋਹਲ ਆਦਿ ਸਮੇਤ ਸੰਗੀਤ ਪੇ੍ਰਮੀ ਹਾਜ਼ਰ ਸਨ।




