Hoshairpur

ਸੋਰਸ ਸੈਗਰੀਗੇਸ਼ਨ ਵੱਲ ਇਕ ਵੱਡਾ ਕਦਮ : 9 ਜੂਨ ਤੋਂ ਸ਼ਹਿਰ ਦੇ ਪੰਜ ਵਾਰਡਾਂ ਵਿਚ ਪਾਇਲਟ ਪ੍ਰੋਜੈਕਟ ਹੋਵੇਗਾ ਸ਼ੁਰੂ

ਹੁਸ਼ਿਆਰਪੁਰ, 6 ਜੂਨ ( ਹਰਪਾਲ ਲਾਡਾ ) : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੋਰਸ ਸੈਗਰੀਗੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 9 ਜੂਨ ਤੋਂ ਪੰਜ ਵਾਰਡਾਂ ਵਿਚ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਉਹ ਅੱਜ ਆਪਣੇ ਦਫ਼ਤਰ ਵਿਚ ਇਸ ਪ੍ਰੋਜੈਕਟ ਨਾਲ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਵਾਤਾਵਰਨ ਪੱਖੀ ਬਣਾਉਣ ਦੇ ਉਦੇਸ਼ ਨਾਲ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਇਕ ਮਹੱਤਵਪੂਰਨ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ ਵਾਰਡ ਨੰਬਰ 8, 9, 10, 11 ਅਤੇ 12 ਵਿਚ ਘਰ-ਘਰ ਕੂੜਾ ਇਕੱਠਾ ਕੀਤਾ ਜਾਵੇਗਾ। ਸਾਰੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਨਗਰ ਨਿਗਮ ਦੇ ਵਿਸ਼ੇਸ਼ ਵਾਹਨਾਂ ਦੁਆਰਾ ਵੱਖਰੇ ਤੌਰ ‘ਤੇ ਇਕੱਠਾ ਕੀਤਾ ਜਾਵੇਗਾ ਅਤੇ ਇਸ ਨੂੰ ਸਿੱਧਾ ਡੰਪਿੰਗ ਗਰਾਊਂਂਡ ਵਿਚ ਲਿਜਾਇਆ ਜਾਵੇਗਾ। ਇਸ ਪਹਿਲਕਦਮੀ ਨਾਲ ਇਲਾਕੇ ਵਿਚ ਕੂੜੇ ਦੇ ਢੇਰ ਲੱਗਣ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਡੀ.ਏ.ਵੀ ਕਾਲਜ ਦੇ ਸਾਹਮਣੇ ਸਥਿਤ ਡੰਪਿੰਗ ਸ਼ੈੱਡ ‘ਤੇ ਵੀ ਕੂੜਾ ਇਕੱਠਾ ਨਹੀਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਡੀ.ਏ.ਵੀ ਕਾਲਜ ਦੇ ਸਾਹਮਣੇ ਸਥਿਤ ਡੰਪਿੰਗ ਸ਼ੈੱਡ ਨੂੰ ਹਟਾ ਦਿੱਤਾ ਜਾਵੇਗਾ ਅਤੇ ਉੱਥੇ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਵਾਰਡ ਦੇ ਵਸਨੀਕਾਂ ਨੂੰ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਖੁੱਲ੍ਹੇ ਵਿਚ ਕੂੜਾ ਸੁੱਟਦਾ ਹੈ ਜਾਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨ ਤੋਂ ਬਾਅਦ ਨਗਰ ਨਿਗਮ ਨੂੰ ਨਹੀਂ ਦਿੰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਵਿਚ ਸੋਨਾਲੀਕਾ ਉਦਯੋਗ ਸਮੂਹ ਅਤੇ ਸ਼੍ਰੀ ਕ੍ਰਿਸ਼ਨਾ ਇਨਫਰਾ ਸਰਵਿਸਿਜ਼ ਦਾ ਵੀ ਸਹਿਯੋਗ ਮਿਲ ਰਿਹਾ ਹੈ। ਇਨ੍ਹਾਂ ਵਾਰਡਾਂ ਵਿਚ 50 ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਟਾਟਾ ਐਸ ਵਾਹਨ ਤਾਇਨਾਤ ਕੀਤੇ ਗਏ ਹਨ ਤਾਂ ਜੋ ਸੋਰਸ ਸੈਗਰੀਗੇਸ਼ਨ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ ਅਤੇ ਇਸ ਪ੍ਰੋਜੈਕਟ ਨੂੰ ਪੂਰੇ ਹੁਸ਼ਿਆਰਪੁਰ ਵਿਚ ਫੈਲਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫਾਈ ਸਿਰਫ਼ ਸਰਕਾਰੀ ਜ਼ਿੰਮੇਵਾਰੀ ਨਹੀਂ ਹੈ, ਇਹ ਹਰੇਕ ਨਾਗਰਿਕ ਦਾ ਫਰਜ਼ ਹੈ। ਅਸੀਂ ਇਕੱਠੇ ਮਿਲ ਕੇ ਹੁਸ਼ਿਆਰਪੁਰ ਨੂੰ ਇਕ ਸਾਫ਼, ਸੁੰਦਰ ਅਤੇ ਆਦਰਸ਼ ਸ਼ਹਿਰ ਬਣਾ ਸਕਦੇ ਹਾਂ। ਆਓ, ਇਸ ਮੁਹਿੰਮ ਵਿਚ ਹਿੱਸਾ ਲਈਏ ਅਤੇ ਇਕ ਸਕਾਰਾਤਮਕ ਬਦਲਾਅ ਵੱਲ ਵਧੀਏ।

ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ, ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸੋਨਾਲੀਕਾ ਉਦਯੋਗ ਤੋਂ ਰਜਨੀਸ਼ ਸੰਦਲ, ਸ਼੍ਰੀ ਕ੍ਰਿਸ਼ਨਾ ਇੰਫਰਾ ਤੋਂ ਅਨਿਲ ਮਹਾਜਨ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page