ਤਣਾਅ ਰਹਿਤ ਜੀਵਨਸ਼ੈਲੀ ਅਤੇ ਸਿਹਤਮੰਦ ਭੋਜਨ ਨਾਲ ਸਟ੍ਰੋਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ: ਡਾ.ਕ੍ਰਿਤਿਕਾ
ਸੀ.ਐਚ.ਸੀ ਹਾਰਟਾ ਬਡਲਾ 29.10.2024 : ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸੀ.ਐਚ.ਸੀ ਹਾਰਟਾ ਬਡਲਾ ਵਿਖੇ “ਵਿਸ਼ਵ ਸਟ੍ਰੋਕ ਦਿਵਸ” ਮਨਾਇਆ ਗਿਆ ਤਾਂ ਜੋ ਜਾਗਰੂਕਤਾ, ਜਲਦ ਜਾਂਚ ਅਤੇ ਤੁਰੰਤ ਇਲਾਜ ਨਾਲ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ।
ਸਟ੍ਰੋਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ.ਕ੍ਰਿਤਿਕਾ ਨੇ ਦੱਸਿਆ ਕਿ ਸਟ੍ਰੋਕ ਦਿਮਾਗ ਨਾਲ ਸਬੰਧਿਤ ਹੈ ਜੋ ਕੀ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ ਤੇ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਟ੍ਰੋਕ ਦਾ ਅਸਰ ਦਿਮਾਗ ਦੇ ਨੁਕਸਾਨ ਗ੍ਰਸਤ ਹਿੱਸੇ ਅਤੇ ਨੁਕਸਾਨ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਟ੍ਰੋਕ ਇੱਕ ਐਮਰਜੈਂਸੀ ਕੰਡੀਸ਼ਨ ਹੈ। ਸਟ੍ਰੋਕ ਹੋਣ ਤੋਂ ਬਾਅਦ ਵਾਲੇ ਚਾਰ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਪੀਰੀਅਡ ਨੂੰ ਗੋਲਡਨ ਵਿੰਡੋ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਰੋਗ ਦੇ ਲੱਛਣ ਪਛਾਣ ਕੇ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕੀਤਾ ਜਾਵੇ ਤਾਂ ਪ੍ਰਭਾਵਿਤ ਵਿਅਕਤੀ ਆਮ ਜਿੰਦਗੀ ਜੀਅ ਸਕਦਾ ਹੈ।
ਲੱਛਣਾਂ ਵਿਚ ਚਿਹਰੇ ਦਾ ਇੱਕ ਪਾਸਾ ਵਿੰਗਾ ਹੋ ਜਾਣਾ, ਗਲਬਾਤ ਵਿੱਚ ਅਸਪਸ਼ਟਤਾ, ਲੱਤ ਬਾਂਹ ਜਾਂ ਸ਼ਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨਾ ਹੋਣਾ ਜਾਂ ਅਚਾਨਕ ਕੰਮ ਕਰਨਾ ਬੰਦ ਕਰ ਦੇਣਾ ਸਟ੍ਰੋਕ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਦੱਸਿਆ ਕਿ ਕਿਹਾ ਕਿ ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
ਤਣਾਅ ਰਹਿਤ ਸਿਹਤਮੰਦ ਜੀਵਨਸ਼ੈਲੀ ਅਤੇ ਸਿਹਤਮੰਦ ਭੋਜਨ ਨਾਲ ਸਟ੍ਰੋਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਕਸਰਤ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪ੍ਰਹੇਜ਼, ਨਮਕ, ਚੀਨੀ ਅਤੇ ਰਿਫਾਈਂਡ ਤੇਲ ਦੀ ਵਰਤੋਂ ਘੱਟ ਕਰਕੇ ਅਤੇ ਘਰ ਦਾ ਬਣਿਆ ਸਾਫ ਸੁਥਰਾ ਭੋਜਨ ਜਿਸ ਵਿੱਚ ਬੂਰੇ ਸਮੇਤ ਆਟਾ, ਦਾਲਾਂ, ਮੌਸਮੀ ਫਲ ਅਤੇ ਸਬਜੀਆਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਕਰਕੇ ਸਿਹਤਮੰਦ ਰਿਹਾ ਜਾ ਸਕਦਾ ਹੈ । ਭਾਰਤ ਵਿੱਚ ਹਰ ਇੱਕ ਮਿੰਟ ਵਿੱਚ ਤਕਰੀਬਨ 3 ਵਿਅਕਤੀ ਸਟ੍ਰੋਕ ਗ੍ਰਸਤ ਹੋ ਜਾਂਦੇ ਹਨ ਅਤੇ ਦੁਨੀਆਂ ਵਿੱਚ ਹਰ ਸਾਲ ਲਗਭਗ 15 ਮਿਲੀਅਨ ਲੋਕਾਂ ਨੂੰ ਸਟ੍ਰੋਕ ਹੋ ਜਾਂਦਾ ਹੈ ਜੋ ਕਿ ਬਹੁਤ ਵੱਡਾ ਅੰਕੜਾ ਹੈ।
ਉਨ੍ਹਾਂ ਕਿਹਾ ਕਿ ਸਟ੍ਰੋਕ ਇਲਾਜਯੋਗ ਹੈ ਸੋ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਬੀਮਾਰੀ ਬਾਰੇ ਲੋਕਾਂ ਨੂੰ ਪਤਾ ਹੋਵੇ ਅਤੇ ਉਹ ਵੇਲੇ ਸਿਰ ਇਲਾਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਜਿਲ੍ਹਾ ਹਸਪਤਾਲਾਂ ਤੋਂ ਇਲਾਵਾ ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ਵਿਖੇ ਸਟ੍ਰੋਕ ਮੈਨੇਜਮੈਂਟ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।