ਸੁਣਨ ਦੀ ਸਮੱਸਿਆ ਦੇ ਜ਼ਿਆਦਾਤਰ ਕੇਸ ਇਲਾਜਯੋਗ: ਡਾ. ਬਲਵੀਰ ਕੁਮਾਰ

ਨਵਾਂਸ਼ਹਿਰ, 20 ਫਰਵਰੀ : ਸਿਵਲ ਸਰਜਨ ਡਾ .ਬਲਵੀਰ ਕੁਮਾਰ ਦੀ ਅਗਵਾਈ ਵਿਚ ਦਫ਼ਤਰ ਸਿਵਲ ਸਰਜਨ ਵਿਖੇ ਬੋਲ਼ੇਪਨ ਦੀ ਰੋਕਥਾਮ ਅਤੇ ਨਿਯੰਤਰਨ ਸਬੰਧੀ ਐਨ. ਪੀ .ਪੀ. ਸੀ. ਡੀ ਕੌਮੀ ਪ੍ਰੋਗਰਾਮ ਤਹਿਤ ਸੀ. ਐੱਚ. ਓਜ਼ ਅਤੇ ਪੈਰਾ ਮੈਡੀਕਲ ਸਟਾਫ ਦੀ ਇਕ ਦਿਨਾ ਟ੍ਰੇਨਿੰਗ ਕਰਵਾਈ ਗਈ।
ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਸੁਣਨ ਦੀ ਸਮੱਸਿਆ ਦੇ ਜ਼ਿਆਦਾਤਰ ਕੇਸ ਇਲਾਜਯੋਗ ਹੁੰਦੇ ਹਨ। ਇਸ ਲਈ ਹਰ ਕਿਸੇ ਨੂੰ ਸਮੇਂ ਸਿਰ ਆਪਣੇ ਕੰਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਨ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿਨ੍ਹਾਂ ਦੀ ਦੇਖਭਾਲ ਤੇ ਸਾਂਭ- ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੰਨਾਂ ਲਈ ਸਾਵਧਾਨੀ ਨਾ ਵਰਤਣ ਕਾਰਨ ਬਹੁਤ ਸਾਰੇ ਲੋਕ ਸੁਣਨ ਵਿਚ ਸਮੱਸਿਆ ਤੋਂ ਪ੍ਰਭਾਵਿਤ ਹੋ ਰਹੇ ਹਨ।


ਉਨ੍ਹਾਂ ਕਿਹਾ ਕਿ ਭਾਰਤ ਵਿਚ ਕੁੱਲ 6.3 ਕਰੋੜ ਲੋਕ ਸੁਣਨ ਵਿਚ ਸਮੱਸਿਆ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੈ। ਇਸ ਲਈ ਜੇ ਕੰਨਾਂ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਇਸ ਬਿਮਾਰੀ ਨੂੰ 50 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।ਇਸ ਤਰ੍ਹਾਂ ਘੱਟ ਸੁਣਨ ਦੇ 50 ਫੀਸਦੀ ਕਾਰਨਾਂ ਨੂੰ ਰੋਕਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਸਿਹਤ ਜਾਗਰੂਕਤਾ ਪੈਦਾ ਕਰਕੇ ਬੋਲ਼ੇਪਨ ਦੀ ਸਮੱਸਿਆ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਇਸ ਮੌਕੇ ਈ .ਐਨ. ਟੀ ਦੇ ਮਾਹਿਰ ਡਾ. ਅਮਿਤ ਕੁਮਾਰ ਨੇ ਬੱਚਿਆਂ ਵਿਚ ਹੋਣ ਵਾਲੇ ਇਨਫੈਕਸ਼ਨ, ਬਿਮਾਰੀਆਂ ਕਰਕੇ ਜਾਂ ਦਵਾਈਆਂ, ਜਿਹੜੀਆਂ ਬੱਚਿਆਂ ਦੇ ਕੰਨਾਂ ‘ਤੇ ਅਸਰ ਕਰਦੀਆਂ ਹਨ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਤਹਿਤ ਬਜ਼ੁਰਗਾਂ ਅਤੇ ਬੱਚਿਆਂ ਵਿਚ ਬੋਲੇਪਣ ਲਈ ਲਗਾਏ ਜਾਂਦੇ ਸੁਣਨ ਯੰਤਰਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੁਣਨ ਸ਼ਕਤੀ ਦੇ ਨੁਕਸਾਨ ਅਤੇ ਬੋਲ਼ੇਪਨ ਨੂੰ ਰੋਕਣਾ ਤੇ ਇਲਾਜ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਰਨਾਂ ਬਿਮਾਰੀਆਂ ਦੇ ਨਾਲ- ਨਾਲ ਕੰਨਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਅਰੰਭੇ ਹਨ, ਜਿਨ੍ਹਾਂ ਦਾ ਆਮ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਨਾਂ ਵਿਚ ਕਦੇ ਵੀ ਨੋਕੀਲੀ ਚੀਜ਼ ਨਹੀਂ ਮਾਰਨੀ ਚਾਹੀਦੀ। ਬੱਚੇ ਜਾਂ ਹੋਰ ਕਿਸੇ ਨੂੰ ਵੀ ਕੰਨ ਤੇ ਨਾ ਮਾਰੋ। ਕੰਨਾਂ ਨੂੰ ਹਮੇਸ਼ਾ ਤੇਜ਼ ਆਵਾਜ਼ ਤੋਂ ਬਚਾਉਣਾ ਚਾਹੀਦਾ ਹੈ ਅਤੇ ਕੰਨਾਂ ਵਿਚ ਗੰਦਾ ਪਾਣੀ ਨਹੀਂ ਪੈਣ ਦੇਣਾ ਚਾਹੀਦਾ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ ਤੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।