ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ 100 ਦਿਨਾਂ ਟੀ.ਬੀ ਮੁਕਤ ਅਭਿਆਨ ਤਹਿਤ ਕੱਢੀ ਗਈ ਜਾਗਰੂਕਤਾ ਰੈਲੀ

ਬਲਾਕ ਹਾਰਟਾ ਬਡਲਾ : 24 ਜਨਵਰੀ 2025( ਹਰਪਾਲ ਲਾਡਾ ): ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਤੇ ਜ਼ਿਲ੍ਹਾ ਟੀ.ਬੀ ਕੰਟਰੋਲ ਅਫਸਰ ਡਾ.ਸ਼ਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਰਾਸ਼ਟਰੀ ਤਪਦਿਕ ਅਲੀਮੀਨੇਸ਼ਨ ਪ੍ਰੋਗਰਾਮ ਤਹਿਤ ਬਲਾਕ ਹਾਰਟਾ ਬਡਲਾ ਵਿੱਚ 100 ਦਿਨਾਂ ਟੀ.ਬੀ ਮੁਕਤ ਅਭਿਆਨ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਇਸੇ ਮੁਹਿੰਮ ਤਹਿਤ ਰਿਆਤ ਬਾਹਰਾ ਦੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ ।
ਇਸ ਮੌਕੇ ਸਿਹਤ ਵਿਭਾਗ ਤੋਂ ਐਸ.ਟੀ.ਐਸ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਜਾਗਰੂਕਤਾ ਰੈਲੀ ਕੱਢਣ ਦਾ ਮੁੱਖ ਉਦੇਸ਼ ਟੀ.ਬੀ ਦੇ ਖਾਤਮੇ ਅਤੇ ਇਸ ਦੇ ਇਲਾਜ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਟੀ.ਬੀ ਹੁਣ ਲਾਇਲਾਜ ਬੀਮਾਰੀ ਨਹੀਂ ਹੈ ਅਤੇ ਇਸਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਇਸ ਲਈ ਮਰੀਜ਼ ਨੂੰ ਹੁਣ ਘਬਰਾਉਣ ਦੀ ਲੋੜ ਨਹੀ ਹੈ । ਇਹ ਇੱਕ ਸਕਰਮਿਤ ਇਲਾਜ਼ਯੋਗ ਬੀਮਾਰੀ ਹੈ ਜੋ ਬਹੁਤ ਹੀ ਆਮ ਤੌਰ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ।


ਇਸ ਦੇ ਮੁੱਖ ਲੱਛਣ ਲੰਮੇ ਸਮੇਂ ਤੱਕ ਖੰਘਣਾ, ਜੋ ਅਕਸਰ ਦੋ ਹਫਤਿਆਂ ਤੋਂ ਵੱਧ ਰਹਿੰਦਾ ਹੈ।ਇਸ ਤੋਂ ਇਲਾਵਾ ਰਾਤ ਨੂੰ ਬਹੁਤ ਜ਼ਿਆਦਾ ਪਸੀਨਾ ਆਉਣਾ,ਹਲਕੀ ਜਾਂ ਮਧਿਅਮ ਦਰਜੇ ਦਾ ਬੁਖਾਰ,ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ,ਅਚਾਨਕ ਜਾਂ ਬਿਨਾਂ ਕਿਸੇ ਕਾਰਨ ਤੋਂ ਭਾਰ ਘਟਣਾ, ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਕਾਰਨ ਛਾਤੀ ਵਿੱਚ ਦਰਦ ਅਤੇ ਤਣਾਅ,ਖੰਘਣ ਦੌਰਾਨ ਖੂਨ ਆਉਣਾ ਆਦਿ ਵੀ ਲਛਣ ਹੋ ਸਕਦੇ ਹਨ।

ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਉਕਤ ਲੱਛਣ ਨਜ਼ਰ ਆਉਣ ਤਾਂ ਉਹ ਆਪਣਾ ਟੀ.ਬੀ ਦਾ ਟੈਸਟ ਜ਼ਰੂਰ ਕਰਵਾਏ ਤਾਂ ਜੋ ਸਮੇਂ ਸਿਰ ਇਸ ਬੀਮਾਰੀ ਦਾ ਇਲਾਜ ਹੋ ਸਕੇ। ਇਲਾਜ ਦੇ ਨਾਲ ਨਾਲ ਮਰੀਜ਼ ਨੂੰ ਸਰਕਾਰ ਵਲੋਂ ਹਰ ਮਹੀਨੇ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਮੁੰਹਿਮ ਤਹਿਤ ਸ਼ਕੀ ਮਰੀਜ਼ਾਂ ਦੇ ਟੈਸਟ ਅਤੇ ਐਕਸ-ਰੇ ਸਿਹਤ ਵਿਭਾਗ ਵਲੋਂ ਮੁਫ਼ਤ ਕੀਤੇ ਜਾ ਰਹੇ ਹਨ। ਟੀ.ਬੀ ਮੁਕਤ ਅਭਿਆਨ 24 ਮਾਰਚ 2025 ਤੱਕ ਜਾਰੀ ਰਹੇਗਾ । ਇਸ ਮੌਕੇ ਨਰਸਿੰਗ ਕਾਲਜ ਦੇ ਅਧਿਆਪਕ ਮੈਡਮ ਸੁਮਨ, ਮੈਡਮ ਸ਼ਿਵਾਲੀ ਅਤੇ ਮੈਡਮ ਰਜਿੰਦਰ ਕੌਰ ਹਾਜ਼ਰ ਰਹੇ।