ਤਿੰਨ ਰੋਜ਼ਾ ਨੇਚਰ ਕੈਂਪ ਵਿਚ ਖੇਡ ਵਿਭਾਗ ਦੇ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ
ਹੁਸ਼ਿਆਰਪੁਰ, 21 ਮਾਰਚ: ਅਦਾਹ ਫਾਊਂਡੇਸ਼ਨ ਵੱਲੋਂ ਹਸ਼ਿਆਰਪੁਰ ਵਿਖੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਸਟੇਟ ਨੋਡਲ ਏਜੰਸੀ) ਅਤੇ ਮਨਿਸਟਰੀ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ, ਭਾਰਤ ਸਰਕਾਰ ਦੀ ਮਦਦ ਨਾਲ ਤਿੰਨ ਦਿਨਾਂ ਅਤੇ ਦੋ ਰਾਤਾਂ ਦਾ ਨੇਚਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਖੇਡ ਵਿਭਾਗ ਦੇ ਬੱਚਿਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ ਵਾਤਾਵਰਣ ਦੀ ਸਿੱਖਿਆ ਅਤੇ ਸੰਭਾਲ ਵੱਲ ਇਕ ਕਦਮ ਵਧਾਇਆ।
ਇਸ ਨੇਚਰ ਜਾਗਰੂਕਤਾ ਕੈਂਪ ਵਿਚ ਬੱਚਿਆਂ ਨੂੰ ਵੱਖ-ਵੱਖ ਸਥਾਨਾਂ ’ਤੇ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਨਾਰਾ ਫੋਰੈਸਟ, ਚੌਹਾਲ ਫੋਰੈਸਟ, ਬਰੋਟੀ ਫੋਰੈਸਟ ਵਿਚ ਹਾਈਕਿੰਗ, ਟ੍ਰੈਕਿੰਗ ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੂੰ ਵੱਖ-ਵੱਖ ਜੰਗਲੀ ਜਾਨਵਰਾਂ, ਦਰੱਖਤਾਂ, ਪੌਦਿਆਂ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਤੋਂ ਬਾਅਦ ਬੱਚਿਆਂ ਨੂੰ ਪੌਸ਼ਟਿਕ ਆਹਾਰ ਵੀ ਦਿੱਤਾ ਗਿਆ।
ਇਸ ਤੋਂ ਇਲਾਵਾ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਕਪੈਸਟੀ ਬਿਲਡਿੰਗ ਖੇਡਾਂ, ਸਾਡਾ ਪਲੈਨਟ ਤੇ ਡਾਕੂਮੈਂਟਰੀ, ਡੀ.ਜੇ ਨਾਈਟ, ਬੋਟਿੰਗ, ਜੰਗਲਾਂ ਅਤੇ ਜੰਗਲੀ ਜਾਨਵਰਾਂ ਦੀ ਮਹੱਤਤਾ ਬਾਰੇ ਸੈਸ਼ਨ, ਸੋਲਿਡ ਵੇਸਟ ਮੈਨੇਜਮੈਂਟ ਦਾ ਸੈਸ਼ਨ, ਸਕ੍ਰਿਪਟ ਪਲੇਅ, ਜੰਗਲ ਸਫਾਰੀ ਆਦਿ ਕਾਫੀ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਤਿੰਨ ਰੋਜ਼ਾ ਕੈਂਪ ਦੇ ਅਖੀਰ ਵਿਚ ਬੱਚਿਆਂ ਨੂੰ ਈਕੋ ਫਰੈਂਡਲੀ ਜੂਟ ਬੈਗ, ਸੀਡ ਪੇਪਰ ਡਾਇਰੀਆਂ, ਸੀਡ ਪੇਪਰ ਪੈਨ, ਸਰਟੀਫਿਕੇਟ ਅਤੇ ਹੋਰ ਵੀ ਕਾਫੀ ਇਨਾਮ ਦਿੱਤੇ ਗਏ। ਕੈਂਪ ਦੀ ਸਮਾਪਤੀ ਤੋਂ ਬਾਅਦ ਬੱਚਿਆਂ ਦੀ ਫੀਡ ਬੈਕ ਵੀ ਲਈ ਗਈ। ਇਸ ਕੈਂਪ ਵਿਚ ਬੱਚਿਆਂ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਲਈ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਬਾਸਕਟਬਾਲ ਕੋਚ ਅਮਨਦੀਪ ਕੌਰ, ਫੈਂਸਿੰਗ ਕੋਚ ਰੇਖਾ, ਵਾਲੀਬਾਲ ਕੋਚ ਪਰਵਿੰਦਰ ਕੌਰ ਅਤੇ ਅਥਲੈਟਿਕ ਕੋਚ ਸੁਖਵਿੰਦਰ ਕੌਰ ਨੇ ਸ਼ਿਰਕਤ ਕੀਤੀ।