ਹੁਸ਼ਿਆਰਪੁਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਮਿਲੇਗੀ ਰਾਹਤ : ਬ੍ਰਮ ਸ਼ੰਕਰ ਜਿੰਪਾ
ਹੁਸ਼ਿਆਰਪੁਰ, 10 ਮਾਰਚ: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਹ ਅੱਜ ਸ਼ਿਮਲਾ ਪਹਾੜੀ ਚੌਕ ਵਿਚ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ (ਸਟਰਾਮ ਸੀਵਰ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ 1.98 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਤੋਂ ਹੁਸ਼ਿਆਰਪੁਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਸ਼ਿਮਲਾ ਪਹਾੜੀ ਤੇ ਇਸ ਦੇ ਆਸ-ਪਾਸ ਵਾਲੇ ਹਲਕੇ ਵਿਚ ਕਾਫ਼ੀ ਪਾਣੀ ਭਰ ਜਾਂਦਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ 450 ਮੀਟਰ 24 ਇੰਚ ਦੀ 48 ਐਮ.ਐਲ.ਡੀ.ਆਈ.ਪੀ.ਐਸ. ਅੰਡਰ ਗਰਾਊਂਡ ਪਾਈਪ ਲਾਈਨ ਪਾ ਕੇ ਸਾਰਾ ਬਰਸਾਤੀ ਪਾਣੀ ਭੰਗੀ ਚੋਅ ਵਿਚ ਡਿਸਚਾਰਜ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਬਰਸਾਤਾਂ ਦੌਰਾਨ ਲੋਕਾਂ ਨੂੰ ਬਰਸਾਤੀ ਪਾਣੀ ਵਰਗੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹੋਰ ਹਲਕਿਆਂ ਵਿਚ ਜਿਥੇ ਬਰਸਾਤੀ ਪਾਣੀ ਜਮ੍ਹਾਂ ਹੁੰਦਾ ਹੈ, ਉਥੇ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੈਂਬਰ ਅਜੇ ਵਰਮਾ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਐਕਸੀਅਨ ਅਰਵਿੰਦ ਮਹਿਤਾ, ਨਗਰ ਨਿਗਮ ਦੇ ਐਕਸੀਅਨ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਐਸ.ਡੀ.ਈ ਸੁਸ਼ੀਲ ਬਾਂਸਲ, ਕੌਂਸਲਰ ਮੀਨਾ ਕੁਮਾਰੀ, ਕੌਂਸਲਰ ਪ੍ਰਦੀਪ ਬਿੱਟੂ, ਮੁਖੀ ਰਾਮ, ਊਸ਼ਾ ਰਾਣੀ, ਜਸਵੰਤ ਰਾਏ, ਐਡਵੋਕੇਟ ਅਮਰਜੋਤ ਸੈਣੀ, ਧੀਰਜ ਸ਼ਰਮਾ, ਵਰਿੰਦਰ ਵੈਦ, ਸੁਮੇਸ਼ ਸੋਨੀ, ਵਿਕਾਸ ਗੌੜ, ਗੁਰਮੇਲ ਹੁੰਦਲ, ਮਨਜੋਤ ਕੌਰ, ਸੰਤੋਸ਼ ਸੈਣੀ, ਪ੍ਰੀਤਪਾਲ, ਰਾਜਨ ਸੈਣੀ, ਅਵਤਾਰ ਸਿੰਘ ਤਾਰੀ, ਧਰੂਵ ਕੁਮਾਰ ਓਹਰੀ, ਕੁਲਵਿੰਦਰ ਸਿੰਘ ਹੁੰਦਲ, ਪ੍ਰੋ: ਬਹਾਦਰ ਸਿੰਘ ਸੁਨੇਤ, ਰਚਨਾ ਕੌਰ, ਸਵਿਤਾ, ਖੁਸ਼ੀ ਰਾਮ ਧੀਮਾਨ, ਮੁਨੀਸ਼ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।