Hoshairpur

ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ ਨਾਲ ਇਲਾਜ ਸੰਭਵ: ਡਾ ਸੀਮਾ ਗਰਗ 

ਹੁਸ਼ਿਆਰਪੁਰ 7 ਮਾਰਚ 2024: ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ, ਰੋਕਥਾਮ ਤੇ ਇਲਾਜ ਪ੍ਰਬੰਧਨ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਇਹ ਜਾਗਰੂਕਤਾ ਮਹੀਨਾ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ, ਰੋਕਥਾਮ ਤੇ ਇਲਾਜ ਪ੍ਰਬੰਧਨ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਡਾ ਸੀਮਾ ਗਰਗ ਨੇ ਦੱਸਿਆ ਕਿ ਬੱਚਿਆਂ ਦੇ ਜਮਾਂਦਰੂ ਨੁਕਸਾਂ ਵਿੱਚ ਰੀੜ੍ਹ ਦੀ ਹੱਡੀ ਵਿੱਚ ਸੋਜ, ਡਾਊਨ ਸਿੰਡ੍ਰੋਮ, ਕੱਟਿਆ ਬੁੱਲ੍ਹ ਅਤੇ ਕੱਟਿਆ ਤਾਲੂ, ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਿਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਆਦਿ ਦੇ ਨੁਕਸ ਸ਼ਾਮਲ ਹਨ। ਦਿਲ ਦੇ ਜਮਾਂਦਰੂ ਨੁਕਸ ਦੇ ਇਲਾਜ ਵਿੱਚ ਦੇਰੀ ਕਰਨ ਦਾ ਇੱਕ ਵੱਡਾ ਕਾਰਨ ਸਰਜਰੀ ਦਾ ਡਰ ਹੁੰਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ, ਜਿੱਥੇ ਬੱਚੇ ਦਿਲ ਦੀ ਸਮੱਸਿਆ ਨਾਲ ਪੈਦਾ ਹੁੰਦੇ ਹਨ। ਇਲਾਜ ਵਿੱਚ ਦੇਰੀ ਦੇ ਨਤੀਜੇ ਵਜੋਂ ਬੱਚੇ ਨੂੰ ਬੇਲੋੜੀ ਤਕਲੀਫ਼ ਹੁੰਦੀ ਹੈ। ਇਕ ਹੋਰ ਆਮ ਤਜਰਬਾ ਇਹ ਹੈ ਕਿ ਜੇ ਬੱਚੇ ਦਾ ਦੂਜੇ ਬੱਚਿਆਂ ਵਾਂਗ ਵਿਕਾਸ ਨਹੀਂ ਹੋ ਰਿਹਾ ਹੈ, ਤਾਂ ਮਾਪਿਆਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਕੱਟੇ ਹੋਏ ਬੁੱਲ੍ਹ ਜਾਂ ਤਾਲ਼ੂ ਜਨਮ ਤੋਂ ਹੀ ਬੱਚਿਆਂ ਵਿਚ ਹੋ ਜਾਂਦੇ ਹਨ ਅਤੇ ਇਸ ਦਾ ਸਰਜਰੀ ਕਰ ਕੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਗਰਭਵਤੀ ਦੀ ਹਿਸਟਰੀ ਐਲਕੋਹਲ ਲੈਣ, ਸਮੋਕਿੰਗ ਕਰਨ ਦੀ ਹੋਵੇ ਜਾਂ ਮਾਂ ਨੂੰ ਡਾਇਬਟੀਜ਼ (ਸ਼ੂਗਰ) ਦੀ ਬਿਮਾਰੀ ਹੋਵੇ ਜਾਂ ਮੋਟਾਪਾ ਹੋਵੇ ਤਾਂ ਜਨਮ ਲੈਣ ਵਾਲ਼ੇ ਬੱਚਿਆਂ ਵਿਚ ਅਜਿਹੇ ਜਮਾਂਦਰੂ ਨੁਕਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੱਟੇ ਹੋਏ ਬੁੱਲਾਂ ਦੀ ਸਰਜਰੀ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਵਿਚ ਹੋ ਸਕਦੀ ਹੈ ਅਤੇ ਜੇਕਰ ਇਹ ਨੁਕਸ ਤਾਲ਼ੂਏ ਤੱਕ ਹੈ ਤਾਂ ਇਸ ਦੀ ਸਰਜਰੀ 6 ਤੋਂ 12 ਮਹੀਨੇ ਦੀ ਉਮਰ ਤੱਕ ਹੋ ਸਕਦੀ ਹੈ। ਜੇਕਰ ਇਹ ਨੁਕਸ ਨੱਕ ਜਾਂ ਗਲ਼ੇ ਤੱਕ ਹੈ ਤਾਂ 10 ਸਾਲ ਦੀ ਉਮਰ ਵਿਚ ਕੰਪਲੀਟ ਸਰਜਰੀ ਹੋ ਜਾਂਦੀ ਹੈ। ਅਜਿਹੇ ਨੁਕਸ ਵਾਲ਼ੇ ਬੱਚਿਆਂ ਨੂੰ ਦੁੱਧ ਪੀਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਕੰਨ ਜਾਂ ਗਲ਼ੇ ਦੀ ਇੰਫੈਕਸ਼ਨ ਰਹਿੰਦੀ ਹੈ ਤੇ ਸੁਣਨ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ। ਬੱਚੇ ਦੀ ਬੋਲਣ ਪ੍ਰਕਿਰਿਆ ਵਿਚ ਵੀ ਕਾਫੀ ਨੁਕਸ ਪੈ ਜਾਂਦਾ ਹੈ ਅਤੇ ਮੂੰਹ ਦੀ ਦਿੱਖ ਵੀ ਖਰਾਬ ਜੋ ਜਾਂਦੀ ਹੈ, ਜਿਸ ਨਾਲ਼ ਬੱਚੇ ਦਾ ਆਤਮ ਸਨਮਾਨ ਪ੍ਰਭਾਵਿਤ ਹੁੰਦਾ ਹੈ। ਇਸ ਦਾ ਇਲਾਜ ਸਰਜਰੀ ਹੀ ਹੈ। 

ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਆਰ.ਬੀ.ਐੱਸ.ਕੇ. ਮੋਬਾਇਲ ਹੈਲਥ ਟੀਮਾਂ ਦੁਆਰਾ ਸਿਹਤ ਸੰਸਥਾਵਾਂ ਵਿੱਚ ਹਰ ਡਿਲੀਵਰੀ ਪੁਆਇੰਟ ‘ਤੇ ਨਵਜੰਮੇ ਬੱਚਿਆਂ ਦੇ 9 ਜਮਾਂਦਰੂ ਨੁਕਸਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਮੁਫ਼ਤ ਕਰਵਾਇਆ ਜਾਂਦਾ ਹੈ। ਆਰ.ਬੀ.ਐੱਸ.ਕੇ. ਇੱਕ ਮਹੱਤਵਪੂਰਨ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ’ਚ ਜਨਮ ਸਮੇਂ ਨੁਕਸ, ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ’ਚ ਦੇਰੀ ਸਮੇਤ ਅਪਾਹਜਤਾ ਦੀ ਜਲਦ ਪਛਾਣ ਅਤੇ ਇਨ੍ਹਾਂ ਦਾ ਇਲਾਜ ਮੁਹੱਈਆ ਕਰਵਾਉਣਾ ਹੈ।

ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਮਨਦੀਪ ਕੌਰ ਨੇ ਕਿਹਾ ਕਿ ਆਰ.ਬੀ.ਐੱਸ.ਕੇ. ਤਹਿਤ ਆਂਗਨਵਾੜੀ ਕੇਂਦਰਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀਆਂ 31 ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਉਹ ਸਾਰੇ ਬੱਚੇ ਜਿਨ੍ਹਾਂ ਨੂੰ 31 ਬਿਮਾਰੀਆਂ ’ਚੋਂ ਕਿਸੇ ਬਿਮਾਰੀ ਹੋਣ ’ਤੇ ਡਾਇਗਨੋਜ਼ ਕੀਤਾ ਜਾਂਦਾ ਹੈ, ਫਾਲੋਅਪ ਰੈਫਰਲ ਸਹਾਇਤਾ ਅਤੇ ਸਰਜਰੀ ਆਦਿ ਲਈ ਟਰੱਸ਼ਰੀ ਪੱਧਰ ਦੀਆਂ ਸਿਹਤ ਸੰਸਥਾਵਾਂ, ਜਿਵੇਂ ਪੀ.ਜੀ.ਆਈ. ਚੰਡੀਗੜ੍ਹ, ਸੀ.ਐੱਮ.ਸੀ., ਡੀ.ਐੱਮ.ਸੀ., ਫੋਰਟਿਸ ਹਸਪਤਾਲ, ਮੋਹਾਲੀ ਅਤੇ ਤਿੰਨ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ’ਚ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।

DNTV PUNJAB

Harpal Ladda Address :Sutehri Road, Hoshiarpur Punjab India Email : Dntvpunjab@gmail.com Mob. : 8968703818 For advertising; 8288842714

Related Articles

Leave a Reply

Your email address will not be published. Required fields are marked *

Back to top button

You cannot copy content of this page