ਮਰਨ ਉਪਰੰਤ ਨੇਤਰ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਅੱਗੇ ਆਓ: ਸੰਜੀਵ ਅਰੋੜਾ
ਹੁਸ਼ਿਆਰਪੁਰ: ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੋਸਾਇਟੀ ਦੀ ਤਰਫੋਂ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਸਰਬ ਸਾਂਝਾ ਦਰਬਾਰ ਕਾਂਟੀਆਂ ਸ਼ਰੀਫ ਵਿਖੇ ਸਾਹਿਬ ਜੋਤ ਜੀ ਮਹਾਰਾਜ ਜੀ ਦੇ ਸਹਿਯੋਗ ਨਾਲ ਕੋਰਨੀਅਲ ਬਲਾਇੰਡਨੈਸ ਚੈੱਕ ਅਪ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 34 ਮਰੀਜ਼ ਅਜਿਹੇ ਮਿਲੇ ਸਨ ਜੋ ਕਿ ਅੰਧੇਪਨ ਅਤੇ ਅੱਖਾਂ ਦੀ ਬਿਮਾਰੀਆਂ ਤੋਂ ਪੀੜਤ ਸਨ। ਉਹਨਾਂ ਵਿੱਚੋਂ 14 ਮਰੀਜ਼ਾਂ ਦੇ ਆਪਰੇਸ਼ਨ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਕਰਵਾ ਦਿੱਤੇ ਗਏ ਸਨ ਅਤੇ ਜੋ ਹੁਣ ਇਸ ਸੁੰਦਰ ਸੰਸਾਰ ਨੂੰ ਦੇਖ ਰਹੇ ਹਨ।
ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਨੇ ਦੱਸਿਆ ਕਿ ਕੋਰਨੀਅਲ ਬਲਾਇੰਡਨੈਸ ਚੈੱਕ ਅੱਪ ਕੈਂਪ ਪਹਿਲੀ ਵਾਰ ਲਗਾਇਆ ਗਿਆ ਹੈ ਜੋ ਕਿ ਅੱਜ ਤੱਕ ਕਦੀ ਵੀ ਨਹੀਂ ਲਗਾਇਆ ਗਿਆ ਸੀ। ਹੁਣ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਵੀ ਕੀਤਾ ਜਾਏਗਾ ਤਾਂ ਕਿ ਜੋ ਲੋਕ ਅੰਨ੍ਹੇਪਣ ਤੋਂ ਪੀੜਤ ਹਨ ਉਹਨਾਂ ਦਾ ਪਤਾ ਚੱਲ ਸਕੇ, ਕਿਉਂਕਿ ਬਹੁਤ ਸਾਰੇ ਲੋਕ ਪੈਸੇ ਦੀ ਕਮੀ ਦੇ ਕਾਰਨ ਆਪਣਾ ਇਲਾਜ ਠੀਕ ਢੰਗ ਨਾਲ ਨਹੀਂ ਕਰਵਾ ਸਕਦੇ। ਉਹਨਾਂ ਦੇ ਰੋਟਰੀ ਆਈ ਬੈਂਕ ਦੀ ਤਰਫੋਂ ਮੁਫਤ ਵਿੱਚ ਆਪਰੇਸ਼ਨ ਕਰਵਾ ਕੇ ਦਿੱਤੇ ਜਾਣਗੇ ।
ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਨੇਤਾਦਾਨ ਮੁਹਿੰਮ ਦੇ ਨਾਲ ਜੁੜਨ ਅਤੇ ਜੇ ਕਰ ਉਹਨਾਂ ਦੇ ਆਸ ਪਾਸ ਕੋਈ ਅੰਨ੍ਹੇਪਨ ਤੋਂ ਪੀੜਿਤ ਵਿਅਕਤੀ ਹੈ ਤਾਂ ਉਸ ਨੂੰ ਸੋਸਾਇਟੀ ਤੱਕ ਪਹੁੰਚਾਣ ਤਾਂ ਕਿ ਉਹ ਵੀ ਇਸ ਸੁੰਦਰ ਸੰਸਾਰ ਨੂੰ ਦੇਖ ਸਕੇ । ਉਹਨਾਂ ਅੱਗੇ ਕਿਹਾ ਕਿ ਅੱਖਾਂ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਅੰਨੇਪਨ ਤੋਂ ਪੀੜਿਤ ਲੋਕਾਂ ਦੀ ਗਿਣਤੀ ਕਾਫੀ ਜਿਆਦਾ ਹੈ।
ਇਸ ਲਈ ਸਾਨੂੰ ਮਰਨ ਉਪਰੰਤ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜਿੰਦਗੀ ਨੂੰ ਰੌਸ਼ਨ ਕਰਨ ਲਈ ਅੱਗੇ ਆਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਜੇ.ਬੀ. ਬਹਿਲ ਨੇ ਕਿਹਾ ਕਿ ਇੱਕ ਵਿਅਕਤੀ ਦੁਆਰਾ ਦਾਨ ਕੀਤੀਆਂ ਗਈਆਂ ਅੱਖਾਂ ਨਾਲ ਦੋ ਵਿਅਕਤੀਆਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ । ਜੇਕਰ ਤੁਸੀਂ ਇਹਨਾਂ ਨੂੰ ਮਰਨ ਉਪਰੰਤ ਸਰੀਰ ਦੇ ਨਾਲ ਜਲਾ ਦਿੰਦੇ ਹੋ ਤਾਂ ਇਹ ਇੱਕ ਚੁਟਕੀ ਰਾਖ ਬਣ ਜਾਂਦੀਆਂ ਹਨ। ਕਿਉਂ ਨਾ ਇਨ੍ਹਾਂ ਨੂੰ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕੀਤਾ ਜਾਏ।
ਉਹਨਾਂ ਕਿਹਾ ਕਿ ਕੋਰਨੀਆ ਬਲਾਇੰਡਨੈਸ ਨੂੰ ਦੂਰ ਕਰਨ ਲਈ ਸੰਕਾਰਾ ਆਈ ਹਸਪਤਾਲ ਵੱਲੋਂ ਸ਼ਲਾਘਾਯੋਗ ਯੋਗਦਾਨ ਦਿੱਤਾ ਜਾ ਰਿਹਾ ਹੈ। ਸੋਸਾਇਟੀ ਦੀ ਤਰਫੋਂ ਸ਼ਹਿਰਾਂ ਕਸਬਿਆਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਕੋਰਨੀਆ ਬਲਾਇੰਡਨੈਸ ਦੇ ਪੀੜਤ ਲੋਕਾਂ ਦੇ ਲਈ ਅਤੇ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਤਹਿਤ ਹੁਣ ਤੱਕ 4050 ਤੋਂ ਵੱਧ ਕੋਰਨੀਆ ਬਲਾਇੰਡਨੈਸ ਲੋਕਾਂ ਨੂੰ ਇੱਕ ਇੱਕ ਅੱਖ ਲਗਾ ਕੇ ਰੋਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਸ ਮੌਕੇ ਪ੍ਰਿੰਸੀਪਲ ਡੀ.ਕੇ. ਸ਼ਰਮਾ, ਮਦਨ ਲਾਲ ਮਹਾਜਨ, ਰਮਿੰਦਰ ਸਿੰਘ, ਜਸਵੀਰ ਕੰਵਰ, ਬੀਨਾ ਚੋਪੜਾ, ਤਮੰਨਾ ਬਾਬੂ ਅਤੇ ਹੋਰ ਮੌਜੂਦ ਸਨ।