ਹਾਈ ਰਿਸਕ ਗਰਭਵਤੀ ਔਰਤਾਂ ਨੂੰ ਖ਼ਾਸ ਦੇਖਭਾਲ ਪ੍ਰਦਾਨ ਕਰਕੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ : ਡਾ. ਬਲਵਿੰਦਰ ਕੁਮਾਰ ਡਮਾਨਾ
ਹੁਸ਼ਿਆਰਪੁਰ, 09 ਅਗਸਤ : ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਨਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਅੱਜ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਆਯੋਜਿਤ ਕੀਤਾ ਗਿਆ। ਹਰ ਮਹੀਨੇ ਦੀ 9 ਅਤੇ 23 ਤਾਰੀਖ (ਛੁੱਟੀ ਹੋਣ ਦੀ ਸੂਰਤ ਵਿੱਚ ਅਗਲੇ ਦਿਨ) ਨੂੰ ਆਯੋਜਿਤ ਕੀਤੇ ਜਾਂਦੇ ਇਸ ਦਿਵਸ ਮੌਕੇ ਸਿਹਤ ਸੰਸਥਾਵਾਂ ‘ਤੇ ਗਰਭਵਤੀ ਔਰਤਾਂ ਨੂੰ ਜਣੇਪਾ ਪੂਰਵ ਦੇਖਭਾਲ ਸੇਵਾਵਾਂ, ਜਰੂਰੀ ਟੈਸਟ ਅਤੇ ਇਲਾਜ ਮੁਫਤ ਪ੍ਰਦਾਨ ਕੀਤੇ ਜਾਂਦੇ ਹਨ ।
ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਪੀ.ਐਚ.ਸੀਜ਼, ਸੀ.ਐਚ.ਸੀਜ਼, ਸਬ-ਡਵਿਜ਼ਨਲ ਹਸਪਤਾਲਾਂ ਅਤੇ ਜਿਲ੍ਹਾ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦਿਵਸ ਆਯੋਜਿਤ ਕੀਤੇ ਗਏ ਜਿਥੇ ਔਰਤ ਰੋਗਾਂ ਦੇ ਮਾਹਰ, ਮੈਡੀਕਲ ਸ਼ਪੈਸਲਿਸਟ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਵੱਲੋਂ ਏ.ਐਨ.ਸੀ. ਸੇਵਾਵਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਇਸ ਅਭਿਆਨ ਤਹਿਤ ਡਾਕਟਰਾਂ ਵੱਲੋਂ ਦੂਸਰੀ ਅਤੇ ਤੀਸਰੀ ਤਿਮਾਹੀ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਘੱਟੋ-ਘੱਟ ਇੱਕ ਜਣੇਪਾ ਪੂਰਵ ਜਾਂਚ ਸੁਨਿਸ਼ਚਿਤ ਕੀਤੀ ਜਾਂਦੀ ਹੈ। ਇਸ ਦਿਨ ਦਾ ਖ਼ਾਸ ਮਕਸਦ ਹਾਈ ਰਿਸਕ ਗਰਭਵਤੀ ਔਰਤਾਂ ਤੱਕ ਪਹੁੰਚ ਕਰਨਾ ਹੈ। ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸ ਦਿਨ ਹਾਈ ਰਿਸਕ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਨ ਕਰਕੇ ਉਹਨਾਂ ਲਈ ਇਲਾਜ ਸੁਵਿਧਾਵਾਂ ਅਤੇ ਉਚਿਤ ਜਨਮ ਯੋਜਨਾ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਵਿਸ਼ੇਸ਼ ਦੇਖਭਾਲ ਦੀ ਜਰੂਰਤ ਹੁੰਦੀ ਹੈ। ਹਾਈ ਰਿਸਕ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਕੇ ਮਾਤਰੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦਿਵਸ ਤੇ ਜਣੇਪਾ ਪੂਰਵ ਅਤੇ ਜਣੇਪੇ ਉਪਰੰਤ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਸੇਵਾਵਾਂ ਸੰਬੰਧੀ ਵੀ ਜਾਗਰੂਕ ਕੀਤਾ ਜਾਂਦਾ ਹੈ।