ਥੈਲਾਸੀਮੀਆ ਬਾਰੇ ਜਾਣਕਾਰੀ ਤੇ ਜਾਗਰੂਕਤਾ ਰਾਹੀਂ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ
ਹੁਸ਼ਿਆਰਪੁਰ, 8 ਮਈ : ਥੈਲਾਸੇਮੀਆ( ਖੂਨ ਨਾ ਬਣਨਾ) ਇੱਕ ਜਮਾਂਦਰੂ ਬਿਮਾਰੀ ਹੈ। ਜਿਸ ਤੋਂ ਸਿਰਫ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ। ਇਸ ਸੰਬੰਧੀ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਪੀਐਚਸੀ ਪੋਸੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਰਘਬੀਰ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਅਤੇ ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਉਪਸਥਿਤ ਹੋ ਕੇ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨਾਲ ਥੈਲਾਸੇਮੀਆ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ ਸੀਮਾ ਗਰਗ ਨੇ ਦੱਸਿਆ ਕਿ ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ। ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਜੋ ਉਸ ਬੱਚੇ ਅਤੇ ਸਮੂਹ ਪਰਿਵਾਰ ਲਈ ਦੁਖਦਾਈ ਸੰਤਾਪ ਹੁੰਦਾ ਹੈ। ਇਕ ਮਾਮੂਲੀ ਜਿਹੀ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਆ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਥੈਲਾਸੇਮੀਆ ਦਾ ਇੱਕੋ ਇਕ ਇਲਾਜ “ਬੋਨ ਮੈਰੋ ਟਰਾਂਸਪਲਾਂਟੇਸ਼ਨ” ਹੈ ਜਿਸ ਦੀ ਲਾਗਤ ਬਹੁਤ ਜਿਆਦਾ ਹੂੰਦੀ ਹੈ। ਸਭ ਤੋਂ ਜਰੂਰੀ ਤੁਹਾਡਾ ਬੋਨ ਮੈਰੋ ਮਿਲਣਾ ਹੂੰਦਾ ਹੈ। ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ। ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਜੇਕਰ ਪੈਦਾ ਹੋਣ ਵਾਲੇ ਬੱਚਿਆ ਦੇ ਮਾਤਾ ਪਿਤਾ ਦੋਵਾਂ ਵਿਚ ਮਾਇਨਰ ਥੈਲੇਸੇਮੀਆ ਜਿਵਾਣੂ ਹਨ ਤਾਂ ਬੱਚੇ ਨੂੰ ਮੇਜਰ ਥੈਲੇਸੇਮੀਆ ਹੋਣ ਦੇ ਮੌਕੇ ਵੱਧ ਜਾਂਦੇ ਹਨ ।ਇਸ ਬਿਮਾਰੀ ਦੇ ਲੱਛਣ ਬਾਰੇ ਉਨਾ ਦੱਸਿਆ ਕਿ ਸ਼ੁਰੂ ਵਿਚ ਬੱਚਾ ਆਮ ਵਿਖਾਈ ਦਿੰਦਾ ਹੈ ਪਰ ਉਮਰ ਦੇ ਨਾਲ ਨਾਲ ਉਸ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ ਤੇ ਅੱਗੇ ਚੱਲਕੇ ਬੱਚਾ ਕਮਜੋਰ ਹੋ ਜਾਂਦਾ ਹੈ ਸਰੀਰ ਹਲਕਾ ਹੋ ਜਾਂਦਾ ਹੈ ਦਿਲ ਦੀ ਧੜਕਨ ਵੱਧ ਜਾਂਦੀ ਹੈ ਬੱਚਾ ਖੇਡ ਕੁੱਦ ਵਿਚ ਭਾਗ ਨਹੀ ਲੈ ਸਕਦਾ ਇਸੇ ਸਮੇਂ ਦੌਰਾਨ ਬੱਚੇ ਦੇ ਗਲੇ ਅਤੇ ਅੱਖਾਂ ਵਿਚ ਸੋਜ ਰਹਿਣ ਲੱਗ ਜਾਂਦੀ ਹੈ। ਬੱਚਾ ਲਗਾਤਾਰ ਬਿਮਾਰ ਰਹਿਣ ਲੱਗ ਜਾਂਦਾ ਹੈ ਭਾਰ ਨਹੀ ਵੱਧਦਾ।
ਸ੍ਰੀਮਤੀ ਤ੍ਰਿਪਤਾ ਦੇਵੀ ਨੇ ਥੈਲਾਸੀਮੀਆਂ ਤੋਂ ਬਚਾਅ ਦੇ ਢੰਗਾਂ ਬਾਰੇ ਦੱਸਦਿਆਂ ਕਿਹਾ ਕਿ ਵਿਆਹ ਤੋਂ ਪਹਿਲਾਂ ਤੇ ਗਰਭ ਅਵਸਥਾ ਦੇ ਦੂਸਰੇ ਮਹੀਨੇ ਤੋਂ ਬਾਅਦ ਐਚ.ਬੀ.ਏ-2 ਦਾ ਟੈਸਟ ਕਰਵਾਉਣਾ ਅਤਿ ਜਰੂਰੀ ਹੈ। ਸਿਹਤ ਵਿਭਾਗ ਵੱਲੋਂ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਚਲਾਈ ਹੋਈ ਹੈ ਜਿਸ ਵਿਚ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ (ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ। ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਇਸ ਤਰਾਂ ਦੇ ਬੱਚਿਆਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ.ਜੀ.ਆਈ. ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਦੇ ਹੱਕਦਾਰ ਹਨ।
ਇਸ ਮੌਕੇ ਮੈਡੀਕਲ ਅਫਸਰ ਡਾ ਨਵਲਦੀਪ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਸ਼ਰਮਾ ਅਤੇ ਹੈਲਥ ਇੰਸਪੈਕਟਰ ਕੇਵਲ ਸਿੰਘ ਉਪਸਥਿਤ ਸਨ।