Hoshairpur

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਵੱਲੋਂ ਪਨੀਰ ਤੇ ਖੋਏ ਦੀ ਵਿਸ਼ੇਸ਼ ਜਾਂਚ ਮੁਹਿੰਮ

ਹੁਸ਼ਿਆਰਪੁਰ, 14 ਸਤੰਬਰ 2026: ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਪਨੀਰ ਅਤੇ ਖੋਏ ਦੀ ਗੁਣਵੱਤਾ ਦੀ ਜਾਂਚ ਲਈ ਦੋ ਰੋਜ਼ਾ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਆਈ.ਏ.ਐਸ., ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਫੂਡ ਸੇਫਟੀ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ।

17 ਸੈਂਪਲ ਲਏ, 40 ਕਿਲੋਗ੍ਰਾਮ ਖਰਾਬ ਮਿਠਾਈ ਮੌਕੇ ’ਤੇ ਕਰਵਾਈ ਨਸ਼ਟ

ਇਸ ਵਿਸ਼ੇਸ਼ ਮੁਹਿੰਮ ਦੌਰਾਨ ਫੂਡ ਸੇਫਟੀ ਅਫ਼ਸਰ ਮੁਨੀਸ਼ ਕੁਮਾਰ ਵੱਲੋਂ ਜਲਾਲਪੁਰ ਟਾਂਡਾ, ਮਿਆਣੀ, ਆਲਮਪੁਰ ਅਤੇ ਗੋਗਰਾ ਆਦਿ ਇਲਾਕਿਆਂ ਵਿੱਚ ਵੱਖ-ਵੱਖ ਫੂਡ ਬਿਜ਼ਨਸ ਅਦਾਰਿਆਂ ਦੀ ਜਾਂਚ ਕਰਦਿਆਂ ਪਨੀਰ ਅਤੇ ਖੋਏ ਦੇ 5 ਸੈਂਪਲ ਲਏ ਗਏ। ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਵੱਲੋਂ ਹੁਸ਼ਿਆਰਪੁਰ ਖੇਤਰ ਵਿੱਚੋਂ 5 ਸੈਂਪਲ ਅਤੇ ਫੂਡ ਸੇਫਟੀ ਅਫ਼ਸਰ ਈਸ਼ਾਨ ਬਾਂਸਲ ਵੱਲੋਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਖੇਤਰ ਵਿੱਚੋਂ 7 ਸੈਂਪਲ ਲਏ ਗਏ। ਇਸ ਤਰ੍ਹਾਂ ਵਿਭਾਗ ਵੱਲੋਂ ਕੁੱਲ 17 ਸੈਂਪਲ ਇਕੱਠੇ ਕੀਤੇ ਗਏ ਹਨ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਫੂਡ ਸੇਫਟੀ ਟੀਮਾਂ ਵੱਲੋਂ ਚੱਲਦੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਵਾਹਨਾਂ ਵਿੱਚ ਲਿਜਾਈਆਂ ਜਾ ਰਹੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਵੀ ਸੈਂਪਲ ਇਕੱਠੇ ਕੀਤੇ ਗਏ, ਤਾਂ ਜੋ ਖੁਰਾਕੀ ਵਸਤਾਂ ਦੀ ਸਪਲਾਈ ਚੇਨ ਦੇ ਵੱਖ-ਵੱਖ ਪੜਾਵਾਂ ’ਤੇ ਉਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਚੈਕਿੰਗ ਦੌਰਾਨ ਟੀਮ ਵੱਲੋਂ ਮੌਕੇ ’ਤੇ 30 ਕਿਲੋਗ੍ਰਾਮ ਖਰਾਬ ਗੁਲਾਬ ਜਾਮੁਨ ਅਤੇ 10 ਕਿਲੋਗ੍ਰਾਮ ਰਸਗੁੱਲੇ, ਕੁੱਲ 40 ਕਿਲੋਗ੍ਰਾਮ ਖਰਾਬ ਮਿਠਾਈ ਨਸ਼ਟ ਕਰਵਾਈ ਗਈ। ਫੂਡ ਸੇਫਟੀ ਟੀਮ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ, ਸਟੋਰੇਜ ਅਤੇ ਵਿਕਰੀ ਸਮੇਂ ਸਫਾਈ ਅਤੇ ਸੈਨੇਟੇਸ਼ਨ ਦੇ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇ।

ਅਧਿਕਾਰੀਆਂ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ FSSAI ਦੇ ਨਿਰਧਾਰਤ ਮਾਪਦੰਡਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਮਿਆਰੀ ਕੱਚੇ ਮਾਲ ਦੀ ਵਰਤੋਂ ਕਰਨ ਅਤੇ ਖਪਤਕਾਰਾਂ ਨੂੰ ਸਾਫ਼-ਸੁਥਰੀ, ਤਾਜ਼ਾ ਅਤੇ ਸੁਰੱਖਿਅਤ ਖੁਰਾਕੀ ਵਸਤਾਂ ਹੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ।

ਵਿਭਾਗ ਵੱਲੋਂ ਕਿਹਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕੀ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਵਿਰੁੱਧ ਫੂਡ ਸੇਫਟੀ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਪਨੀਰ, ਖੋਏ, ਮਿਠਾਈਆਂ, ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਅਤੇ ਸੈਂਪਲਿੰਗ ਦੀ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।

Related Articles

Leave a Reply

Your email address will not be published. Required fields are marked *

Back to top button

You cannot copy content of this page