ਭਗਵਾਨ ਵਾਲਮੀਕਿ ਚੌਕ ਤੋਂ ਟਰਾਂਸਫਾਰਮਰ ਹਟਵਾਉਣ ਲਈ ਵਿਧਾਇਕ ਜਿੰਪਾ ਨੂੰ ਕੀਤਾ ਗਿਆ ਸਨਮਾਨਿਤ


ਹੁਸ਼ਿਆਰਪੁਰ, 28 ਦਸੰਬਰ ( ਹਰਪਾਲ ਲਾਡਾ ): ਭਗਵਾਨ ਵਾਲਮੀਕ ਚੌਕ ਦੇ ਸਾਹਮਣਿਓਂ ਟਰਾਂਸਫਾਰਮਰ ਹਟਵਾਉਣ ਲਈ ਅੱਜ ਵਾਲਮੀਕਿ ਭਾਈਚਾਰੇ ਵੱਲੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੌਕ ‘ਤੇ ਕੀਤੇ ਸਮਾਗਮ ਦੌਰਾਨ ਸੰਡੇ ਮਾਰਕੀਟ ਐਸੋਸੀਏਸ਼ਨ ਵੱਲੋਂ ਕੇਕ ਕੱਟ ਕੇ ਵਿਧਾਇਕ ਜਿੰਪਾ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਵਾਨ ਵਾਲਮੀਕ ਚੌਕ ਸ਼ਹਿਰ ਦਾ ਕੇਂਦਰ ਬਿੰਦੂ ਹੈ ਅਤੇ ਇਸ ਦੀ ਸ਼ੋਭਾ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੌਂਕ ਦੇ ਸੁੰਦਰੀਕਰਨ ਲਈ ਰੰਗਲਾ ਪੰਜਾਬ ਸਕੀਮ ਤਹਿਤ 5 ਲੱਖ ਰੁਪਏ ਦੇ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੌਕ ਦੇ ਆਲੇ-ਦੁਆਲੇ ਨੂੰ ਲਾਈਟਾਂ ਨਾਲ ਖੂਬਸੂਰਤ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਚੌਕ ਵਿੱਚ ਲੱਗਾ ਟਰਾਂਸਫਾਰਮਰ ਇਸ ਦੀ ਸ਼ੋਭਾ ਵਿੱਚ ਅੜਚਣ ਬਣਿਆ ਹੋਇਆ ਸੀ, ਜਿਸ ਨੂੰ ਨਗਰ ਨਿਗਮ ਵੱਲੋਂ ਬਿਜਲੀ ਮਹਿਕਮੇ ਨੂੰ 2.93 ਲੱਖ ਰੁਪਏ ਦੀ ਅਦਾਇਗੀ ਕਰਕੇ ਹਟਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਵੱਲੋਂ ਬਸ ਸਟੈਂਡ ਅਤੇ ਸ਼ਵ ਵਾਹਨ ਸਬੰਧੀ ਮੰਗਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਵਿਧਾਇਕ ਜਿੰਪਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮਨੋਜ ਕੈਨੇਡੀ, ਕਰਨਜੋਤ ਆਦੀਆ, ਹਰੀ ਰਾਮ ਆਦੀਆ, ਖੁਸ਼ੀ ਰਾਮ ਧੀਮਾਨ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।




