ਭਾਸ਼ਾ ਵਿਭਾਗ ਵੱਲੋਂ ਹਰਪਾਲ ਸਿੰਘ ਦਾ ਪਲੇਠਾ ਨਾਵਲ ‘ਇਨ ਦਾ ਸਪੇਸ ਬਿਟਵੀਨ’ ਲੋਕ ਅਰਪਣ


ਹੁਸ਼ਿਆਰਪੁਰ ( ਹਰਪਾਲ ਲਾਡਾ ): ਦਫ਼ਤਰ ਭਾਸ਼ਾ ਵਿਭਾਗ ਵੱਲੋਂ ਹਰਪਾਲ ਸਿੰਘ ਦਾ ਪਲੇਠਾ ਅੰਗਰੇਜ਼ੀ ਨਾਵਲ ‘ਇਨ ਦਾ ਸਪੇਸ ਬਿਟਵੀਨ’ ਦਾ ਲੋਕ ਅਰਪਣ ਸਮਾਗਮ ਦਫ਼ਤਰ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਬਤੌਰ ਮੁਖ ਮਹਿਮਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਮਨਦੀਪ ਸ਼ਰਮਾ ਨੇ ਸ਼ਿਰਕਤ ਕੀਤੀ ਤੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਕੁਲਵੰਤ ਸਿੰਘ ਨੇ ਕੀਤੀ।
ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਕਿਹਾ ਕਿ ਭਾਸ਼ਾ ਵਿਭਾਗ ਸ਼ਬਦ ਸਾਧਨਾ ਨਾਲ ਜੁੜਿਆ ਹੋਇਆ ਹੈ। ਜਦੋਂ ਵੀ ਕਿਸੇ ਲੇਖਕ ਦੀ ਨਵੀਂ ਕਿਤਾਬ ਛਪ ਕੇ ਆਉਂਦੀ ਹੈ, ਤਾਂ ਵਿਭਾਗ ਨੂੰ ਇਸ ਦਾ ਇੱਕ ਅਲੋਕਿਕ ਚਾਅ ਹੁੰਦਾ ਹੈ। ਉਨ੍ਹਾਂ ਨੇ ਵਿਭਾਗ ਦੀਆਂ ਗਤੀਵਿਧੀਆਂ ਵੀ ਦੋਸਤਾਂ ਨਾਲ ਸਾਂਝੀਆਂ ਕੀਤੀਆਂ। ਪ੍ਰੋ . ਕੁਲਵੰਤ ਸਿੰਘ ਨੇ ਹਰਪਾਲ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਾਵਲ ਗੜ੍ਹਦੀਵਾਲਾ ਦੀ ਰਹਿਤਲ ਨੂੰ ਪਿਆਰ ਮੁਹੱਬਤ ਦੀ ਕਹਾਣੀ ਰਾਹੀਂ ਬੜੇ ਵਧੀਆ ਅੰਦਾਜ਼ ਵਿੱਚ ਪੇਸ਼ ਕਰਨ ਵਾਲੀ ਕਿਰਤ ਹੈ।

ਅਮਨਦੀਪ ਸ਼ਰਮਾ ਨੇ ਨਾਵਲਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਵਿਭਾਗ ਦਾ ਇੱਕ ਹੋਰ ਅਧਿਆਪਕ ਪੰਜਾਬੀ ਸਾਹਿਤ ਦੀ ਅਹਿਮ ਵਿਧਾ ਨਾਵਲ ਰਾਹੀਂ ਸਾਹਿਤਕ ਖੇਤਰ ਵਿੱਚ ਦਾਖ਼ਲ ਹੋਇਆ ਹੈ।ਇਸ ਨਾਲ ਅਧਿਆਪਨ ਦੇ ਖਿੱਤੇ ਵਿੱਚ ਹੋਰ ਨਿਖ਼ਾਰ ਆਵੇਗਾ।ਸ਼ਾਇਰ ਜਸਬੀਰ ਧੀਮਾਨ ਨੇ ਪੰਜਾਬੀ ਦੀ ਨਾਵਲ ਵਿਧਾ ਨੂੰ ਅੰਗਰੇਜ਼ੀ ਜ਼ੁਬਾਨ ਵਿੱਚ ਪੇਸ਼ ਕਰਨ ਲਈ ਹਰਪਾਲ ਸਿੰਘ ਨੂੰ ਵਧਾਈਆਂ ਦਿੱਤੀਆਂ।
ਹਰਪਾਲ ਸਿੰਘ ਨੇ ਇਸ ਨਾਵਲ ਦੀ ਸਿਰਜਣ ਪ੍ਰਕਿਰਿਆ ਬਾਰੇ ਭਾਵਪੂਰਤ ਕਥਨ ਹਾਜ਼ਰਿਨ ਨਾਲ ਸਾਂਝੇ ਕੀਤੇ।ਧੰਨਵਾਦੀ ਸ਼ਬਦ ਐੱਨ.ਆਈ.ਸੀ. ਤੋਂ ਮੈਡਮ ਰਿੰਕੀ ਸ਼ਰਮਾ ਨੇ ਆਖੇ।ਆਏ ਹੋਏ ਮਹਿਮਾਨਾਂ ਨੂੰ ਲੋਈਆਂ, ਪੁਸਤਕਾਂ ਅਤੇ ਪੈੱਨਾਂ ਦਾ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਸਪ੍ਰੀਤ ਸਿੰਘ, ਜਗਮੋਹਨ ਸਿੰਘ, ਲਾਲ ਸਿੰਘ, ਪੁਸ਼ਪਾ ਰਾਣੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।




