ਮਰੀਜ਼ਾਂ ਦੀ ਸਹੂਲਤ ਸਭ ਤੋਂ ਪਹਿਲਾਂ: ਸਿਵਲ ਸਰਜਨ ਡਾ. ਮਨਦੀਪ ਕਮਲ ਵੱਲੋਂ ਸਿਹਤ ਸੰਸਥਾਵਾਂ ਦੀ ਅਚਨਚੇਤ ਜਾਂਚ


ਹੁਸ਼ਿਆਰਪੁਰ, 14 ਸਤੰਬਰ 2026 ( ਹਰਪਾਲ ਲਾਡਾ ): ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਮਿਆਰੀ, ਸੁਚਾਰੂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਅੱਜ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਸਮੇਤ ਪੀ.ਐਚ.ਸੀ. ਚੱਕੋਵਾਲ ਅਤੇ ਸੀ.ਐਚ.ਸੀ. ਸ਼ਾਮ ਚੌਰਾਸੀ ਦਾ ਅਚਨਚੇਤ ਦੌਰਾ ਕਰਕੇ ਸਪੋਰਟਿਵ ਸੁਪਰਵੀਜ਼ਨ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਦੇ ਪੀ.ਏ. ਸਤਪਾਲ ਵੀ ਮੌਜੂਦ ਸਨ।
ਦੌਰੇ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਸਵਾਈਨ ਫਲੂ ਵਾਰਡ ਦੇ ਅਚਨਚੇਤ ਨਿਰੀਖਣ ਨਾਲ ਕੀਤੀ ਗਈ। ਸਿਵਲ ਸਰਜਨ ਵੱਲੋਂ ਐਸ.ਐਮ.ਓ. ਡਾ ਨੇਹਾ ਪਾਲ ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਦੇ ਸਹਿਯੋਗ ਨਾਲ ਵਾਰਡ ਵਿੱਚ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ, ਦਵਾਈਆਂ ਅਤੇ ਹੋਰ ਲੋੜੀਂਦੇ ਸਾਮਾਨ ਦੀ ਉਪਲਬਧਤਾ, ਸਟਾਫ਼ ਦੀ ਤਾਇਨਾਤੀ ਅਤੇ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਸਵਾਈਨ ਫਲੂ ਅਤੇ ਹੋਰ ਮੌਸਮੀ ਬਿਮਾਰੀਆਂ ਨਾਲ ਨਜਿੱਠਣ ਲਈ ਲੋੜੀਂਦੀਆਂ ਦਵਾਈਆਂ ਅਤੇ ਜ਼ਰੂਰੀ ਸਾਮਾਨ ਦੀ ਉਪਲਬਧਤਾ ਹਰ ਸਮੇਂ ਯਕੀਨੀ ਬਣਾਈ ਜਾਵੇ, ਤਾਂ ਜੋ ਮਰੀਜ਼ਾਂ ਨੂੰ ਇਲਾਜ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਉਪਰੰਤ ਪੀ.ਐਚ.ਸੀ. ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਦੇ ਸਹਿਯੋਗ ਨਾਲ ਸਿਹਤ ਸੰਸਥਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਓ.ਪੀ.ਡੀ. ਸੇਵਾਵਾਂ, ਦਵਾਈਆਂ ਦੀ ਉਪਲਬਧਤਾ, ਸਫ਼ਾਈ ਪ੍ਰਬੰਧਾਂ, ਸਟਾਫ਼ ਦੀ ਹਾਜ਼ਰੀ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਨੇ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਸੰਸਥਾ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ, ਦਵਾਈਆਂ ਦੀ ਉਪਲਬਧਤਾ ਅਤੇ ਹੋਰ ਸਹੂਲਤਾਂ ਸਬੰਧੀ ਫੀਡਬੈਕ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ।
ਇਸੇ ਤਰ੍ਹਾਂ ਸੀ.ਐਚ.ਸੀ. ਸ਼ਾਮ ਚੌਰਾਸੀ ਵਿਖੇ ਐਸ.ਐਮ.ਓ. ਡਾ. ਜਤਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਅਚਨਚੇਤ ਦੌਰਾ ਕਰਕੇ ਸੰਸਥਾ ਦੇ ਸਮੁੱਚੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਸਿਵਲ ਸਰਜਨ ਵੱਲੋਂ ਵੱਖ-ਵੱਖ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਤੋਂ ਸਿਹਤ ਸੇਵਾਵਾਂ ਦੀ ਗੁਣਵੱਤਾ, ਦਵਾਈਆਂ ਦੀ ਉਪਲਬਧਤਾ ਅਤੇ ਸੰਸਥਾ ਵਿੱਚ ਆ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਫੀਡਬੈਕ ਲਿਆ ਗਿਆ।

ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਅਚਨਚੇਤ ਦੌਰਿਆਂ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਦੇ ਕੰਮਕਾਜ ਦੀ ਜ਼ਮੀਨੀ ਪੱਧਰ ’ਤੇ ਸਮੀਖਿਆ ਕਰਨਾ, ਸਿਹਤ ਸੇਵਾਵਾਂ ਵਿੱਚ ਲੋੜੀਂਦੇ ਸੁਧਾਰ ਲਿਆਉਣਾ ਅਤੇ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਸਿਹਤ ਪ੍ਰਣਾਲੀ ਦਾ ਕੇਂਦਰ ਹਨ ਅਤੇ ਉਨ੍ਹਾਂ ਤੋਂ ਸਿੱਧਾ ਫੀਡਬੈਕ ਲੈਣ ਨਾਲ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋਕ-ਕੇਂਦਰਿਤ ਬਣਾਉਣ ਵਿੱਚ ਮਦਦ ਮਿਲਦੀ ਹੈ।

ਉਨ੍ਹਾਂ ਸਿਹਤ ਸੰਸਥਾਵਾਂ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ। ਸੰਸਥਾਵਾਂ ਵਿੱਚ ਸਫ਼ਾਈ ਦੇ ਉੱਚ ਮਿਆਰ ਕਾਇਮ ਰੱਖਣ, ਲੋੜੀਂਦੀਆਂ ਦਵਾਈਆਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਅਤੇ ਹਰੇਕ ਮਰੀਜ਼ ਨੂੰ ਬਿਨਾਂ ਕਿਸੇ ਦੇਰੀ ਦੇ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ।



