Hoshairpur

ਕੇਅਰ ਕਮਪੈਨੀਅਨ ਪ੍ਰੋਗਰਾਮ ਤਹਿਤ ਮਾਸਟਰ ਟ੍ਰੇਨਰਾਂ ਲਈ ਵਿਸ਼ੇਸ਼ ਟ੍ਰੇਨਿੰਗ ਆਯੋਜਿਤ

ਹੁਸ਼ਿਆਰਪੁਰ, 18 ਦਸੰਬਰ 2025 ( ਹਰਪਾਲ ਲਾਡਾ ): ਕੇਅਰ ਕਮਪੈਨੀਅਨ ਪ੍ਰੋਗਰਾਮ (CCP) ਨਾਲ ਸੰਬੰਧਿਤ ਮਾਸਟਰ ਟ੍ਰੇਨਰਾਂ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਦਫ਼ਤਰ ਸਿਵਲ ਸਰਜਨ ਦੇ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਆਯੋਜਿਤ ਕੀਤੀ ਗਈ। ਟ੍ਰੇਨਿੰਗ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਜੀ ਦੀ ਦੇਖਰੇਖ ਹੇਠ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਅਜੈ ਬਸਰਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਹੰਮਦ ਆਸਿਫ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ ਵੀ ਹਾਜ਼ਰ ਰਹੇ।

ਟ੍ਰੇਨਿੰਗ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਮੈਡਮ ਮਨਪ੍ਰੀਤ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਬਲਾਕ ਐਕਸਟੈਂਸ਼ਨ ਐਜੂਕੇਟਰ (BEE) ਅਤੇ ਜਿਲਾ ਹਸਪਤਾਲ, ਐਸ.ਡੀ.ਐਚ, ਸੀ.ਐਚ.ਸੀ ਪੱਧਰ ਦੀ ਸਟਾਫ ਨਰਸਾਂ ਨੂੰ ਕੇਅਰ ਕਮਪੈਨੀਅਨ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ।

ਇਸ ਮੌਕੇ ਸਿਵਲ ਸਰਜਨ ਡਾ. ਬਲਵੀਰ ਕੁਮਾਰ ਜੀ ਨੇ ਦੱਸਿਆ ਕਿ ਕੇਅਰ ਕਮਪੈਨੀਅਨ ਪ੍ਰੋਗਰਾਮ ਇੱਕ ਅਹਿਮ ਸਿਹਤ ਪ੍ਰੋਗਰਾਮ ਹੈ, ਜੋ ਕਿ ਸਿਹਤ ਸੰਸਥਾਵਾਂ ’ਤੇ ਲਾਗੂ ਕੀਤਾ ਜਾਵੇਗਾ। ਇਸ ਦਾ ਮੁੱਖ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਮਾਰੀ ਤੋਂ ਬਚਾਅ, ਸਹੀ ਦੇਖਭਾਲ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਟ੍ਰੇਨਿੰਗ ਪ੍ਰਾਪਤ ਕਰ ਰਹੇ ਮਾਸਟਰ ਟ੍ਰੇਨਰ ਅੱਗੇ ਚੱਲ ਕੇ ਆਪਣੇ-ਆਪਣੇ ਬਲਾਕਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਟਾਫ ਨੂੰ ਟ੍ਰੇਨ ਕਰਨਗੇ, ਤਾਂ ਜੋ ਇਹ ਪ੍ਰੋਗਰਾਮ ਜੜ੍ਹ ਤੱਕ ਪਹੁੰਚ ਸਕੇ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਸਿਹਤ ਕੇਂਦਰਾਂ ਵਿੱਚ ਚੱਲ ਰਹੀਆਂ ਵੈਲਨੈੱਸ ਸੈਸ਼ਨਾਂ ਨੂੰ ਕੇਅਰ ਕਮਪੈਨੀਅਨ ਪ੍ਰੋਗਰਾਮ ਨਾਲ ਜੋੜ ਕੇ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਤਾਂ ਜੋ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਸਿਹਤਮੰਦ ਬਣਾਇਆ ਜਾ ਸਕੇ।

ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਕੇਅਰ ਕਮਪੈਨੀਅਨ ਪ੍ਰੋਗਰਾਮ ਹੇਠ ਵਰਤੇ ਜਾਣ ਵਾਲੇ ਟੂਲਜ਼, ਨੋਡਲ ਅਫਸਰ ਅਤੇ ਮਾਸਟਰ ਟ੍ਰੇਨਰਾਂ ਦੀ ਭੂਮਿਕਾ, ਮੋਬਾਇਲ ਕੇਅਰ ਕਮਪੈਨੀਅਨ ਪ੍ਰੋਗਰਾਮ (mCCP) ਅਤੇ ਰਿਕਾਰਡ ਕੀਪਿੰਗ ਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਅੰਤ ਵਿੱਚ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਕਿ ਟ੍ਰੇਨਿੰਗ ਪ੍ਰਾਪਤ ਕਰ ਚੁੱਕੀ ਸਟਾਫ ਇਸ ਜਾਣਕਾਰੀ ਨੂੰ ਮੈਦਾਨੀ ਪੱਧਰ ’ਤੇ ਲਾਗੂ ਕਰੇ, ਤਾਂ ਜੋ ਲੋਕਾਂ ਨੂੰ ਸਹੀ ਸਿਹਤ ਸੇਵਾਵਾਂ ਮਿਲ ਸਕਣ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ “ਤੰਦਰੁਸਤ ਪੰਜਾਬ” ਦੇ ਟੀਚੇ ਵੱਲ ਅੱਗੇ ਵਧਾਇਆ ਜਾ ਸਕੇ।

Related Articles

Leave a Reply

Your email address will not be published. Required fields are marked *

Back to top button

You cannot copy content of this page