16 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲੱਗਣਗੇ ਡਰਾਫ਼ਟ ਵੋਟਰ ਸੂਚੀ-2026 ਸਬੰਧੀ ਵਿਸ਼ੇਸ਼ ਕੈਂਪ : ਵਧੀਕ ਜ਼ਿਲ੍ਹਾ ਚੋਣ ਅਫ਼ਸਰ


ਅੰਮ੍ਰਿਤਸਰ, 13 ਅਗਸਤ: ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.)-2026 ਤਹਿਤ ਡਰਾਫਟ ਵੋਟਰ ਸੂਚੀ 13 ਅਗਸਤ 2026 ਨੂੰ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਡਰਾਫਟ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ। ਇਸੇ ਤਹਿਤ ਵੋਟਰਾਂ ਦੀ ਸਹੂਲਤ ਲਈ 16 ਅਗਸਤ 2026, ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਡਰਾਫ਼ਟ ਵੋਟਰ ਸੂਚੀ-2026 ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦੱਸਿਆ ਕਿ ਵਿਸ਼ੇਸ਼ ਕੈਂਪ ਦੌਰਾਨ ਬੂਥ ਲੈਵਲ ਅਫ਼ਸਰ (ਬੀ.ਐੱਲ.ਓਜ਼.) ਵੱਲੋਂ ਵੋਟਰਾਂ ਨੂੰ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਜਾਂਚ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ। ਜੇਕਰ ਕਿਸੇ ਯੋਗ ਵੋਟਰ ਦਾ ਨਾਮ ਸੂਚੀ ਵਿੱਚ ਦਰਜ ਨਹੀਂ ਹੈ ਜਾਂ ਕਿਸੇ ਵੇਰਵੇ ਵਿੱਚ ਸੋਧ ਦੀ ਲੋੜ ਹੈ ਤਾਂ ਉਸ ਨੂੰ ਲੋੜ ਅਨੁਸਾਰ ਫਾਰਮ-6, ਫਾਰਮ-6 ਅਤੇ ਫਾਰਮ-8 ਭਰਨ ਲਈ ਮਾਰਗਦਰਸ਼ਨ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਕੈਂਪਾਂ ਵਿੱਚ ਬੀ.ਐੱਲ.ਓਜ਼. ਵੱਲੋਂ ਵੋਟਰਾਂ ਨੂੰ ਉਨ੍ਹਾਂ ਦੇ ਨਾਮ, ਪਤੇ ਅਤੇ ਵੋਟਰ ਸੂਚੀ ਨਾਲ ਸਬੰਧਤ ਹੋਰ ਵੇਰਵਿਆਂ ਦੀ ਜਾਂਚ/ਤਸਦੀਕ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ। ਲੋੜ ਪੈਣ ’ਤੇ ਸਬੰਧਤ ਫਾਰਮ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਚੋਣ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਕੈਂਪਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐੱਲ.ਏ) ਨੂੰ ਵੀ ਵਿਸ਼ੇਸ਼ ਕੈਂਪਾਂ ਸਬੰਧੀ ਜਾਣਕਾਰੀ ਦੇ ਕੇ ਵੱਧ ਤੋਂ ਵੱਧ ਜਨ-ਭਾਗੀਦਾਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹਰ ਯੋਗ ਵੋਟਰ 16 ਅਗਸਤ ਨੂੰ ਆਪਣੇ ਸਬੰਧਤ ਪੋਲਿੰਗ ਬੂਥ ’ਤੇ ਪਹੁੰਚ ਕੇ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਚੈੱਕ ਕਰੇ ਅਤੇ ਜੇਕਰ ਕੋਈ ਸੋਧ ਜਾਂ ਦਾਅਵਾ/ਇਤਰਾਜ਼ ਹੋਵੇ ਤਾਂ ਨਿਰਧਾਰਤ ਸਮੇਂ ਅੰਦਰ ਸਬੰਧਤ ਫਾਰਮ ਜਮ੍ਹਾਂ ਕਰਵਾਏ। ਇਸ ਨਾਲ ਵੋਟਰ ਸੂਚੀ ਨੂੰ ਹੋਰ ਸਹੀ ਅਤੇ ਅਪਡੇਟ ਕਰਨ ਵਿੱਚ ਮਦਦ ਮਿਲੇਗੀ।




