ਪਿੰਡ ਮੋਤੀਆਂ ਵਿੱਚ ਡਾ. ਰਾਜਕੁਮਾਰ ਚੱਬੇਵਾਲ ਨੇ ਨਸ਼ੇ ਦੇ ਖਿਲਾਫ ਦਿੱਤੀ ਸਸ਼ਕਤ ਆਵਾਜ਼, ਲੋਕਾਂ ਨੂੰ ਕੀਤਾ ਜਾਗਰੂਕ


ਹੁਸ਼ਿਆਰਪੁਰ, 16 ਜੁਲਾਈ 2025: ( ਹਰਪਾਲ ਲਾਡਾ ): ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਅੱਜ ਪਿੰਡ ਮੋਤੀਆਂ ਵਿੱਚ ਇੱਕ ਵਿਸ਼ੇਸ਼ ਜਨ ਸਭਾ ਨੂੰ ਸੰਬੋਧਨ ਕਰਦਿਆਂ ਨਸ਼ੇ ਦੇ ਖਿਲਾਫ ਜੰਗ ਦਾ ਐਲਾਨ ਕੀਤਾ। ਇਸ ਜਨ ਸਭਾ ਵਿੱਚ ਸੈਂਕੜੇ ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਡਾ. ਚੱਬੇਵਾਲ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਜੇ ਅਸੀਂ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਅਤੇ ਸਸ਼ਕਤ ਬਣਾਉਣਾ ਚਾਹੁੰਦੇ ਹਾਂ ਤਾਂ ਨਸ਼ੇ ਵਰਗੀਆਂ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੰਤਾਂ ਤੇ ਗੁਰੂਆਂ ਦੀ ਧਰਤੀ ਹੈ, ਪਰ ਅੱਜ ਇਹ ਧਰਤੀ ਨਸ਼ੇ ਦੀ ਮਾਰ ਝੱਲ ਰਹੀ ਹੈ। ਨਸ਼ਾ ਨੌਜਵਾਨਾਂ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ, ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ ਅਤੇ ਸਮਾਜ ਵਿੱਚ ਅਸਾਂਤੀ ਫੈਲਾ ਰਿਹਾ ਹੈ। ਇਸੀ ਲਈ ਉਨ੍ਹਾਂ ਨੇ ਪਿੰਡ ਮੋਤੀਆਂ ਤੋਂ ਨਸ਼ੇ ਦੇ ਖਿਲਾਫ ਇਸ ਜਨ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਹੈ, ਜਿਸਨੂੰ ਹਰ ਪਿੰਡ, ਹਰ ਗਲੀ ਤੱਕ ਪਹੁੰਚਾਇਆ ਜਾਵੇਗਾ।

ਲੋਕ ਸਭਾ ਮੈਂਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ “ਇੱਕ ਪਿੰਡ, ਇੱਕ ਸੰਕਲਪ – ਨਸ਼ਾ ਮੁਕਤ ਪਿੰਡ” ਦਾ ਪ੍ਰਣ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਸਾਫ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਐਸੇ ਤੱਤਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਡਾ. ਚੱਬੇਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ, ਸਿੱਖਿਆ ਅਤੇ ਸਵੈਰੋਜ਼ਗਾਰ ਵੱਲ ਧਿਆਨ ਦੇਣ।
ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜੋ ਨੌਜਵਾਨ ਆਪਣੀ ਉਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਸਕਣ। ਸਭਾ ਵਿੱਚ ਪਿੰਡ ਦੇ ਸਰਪੰਚ, ਪੰਚ ਅਤੇ ਹੋਰ ਮਾਣਯੋਗ ਵਿਅਕਤੀਆਂ ਨੇ ਵੀ ਨਸ਼ੇ ਦੇ ਖਿਲਾਫ ਲੜਾਈ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੇ ਵੀ ਇਕੱਠੇ ਹੋ ਕੇ ਇਹ ਸੰਕਲਪ ਲਿਆ ਕਿ ਉਹ ਆਪਣੇ ਪਿੰਡ ਵਿੱਚ ਨਸ਼ੇ ਨੂੰ ਕਦੇ ਵੀ ਪੈਰ ਨਹੀਂ ਪਸਾਰਣ ਦੇਣਗੇ।




