ਰੋਟਰੀ ਕਲੱਬ ਮਿਡਟਾਊਨ ਵੱਲੋਂ ਵਿਸ਼ਵ ਹਿਰਦਾ ਦਿਵਸ ‘ਤੇ ਮੁਫ਼ਤ ਜਾਂਚ ਕੈਂਪ ਦਾ ਹੋਵੇਗਾ ਆਯੋਜਨ


ਹੁਸ਼ਿਆਰਪੁਰ ( ਹਰਪਾਲ ਲਾਡਾ ): ਰੋਟਰੀ ਕਲੱਬ ਮਿਡਟਾਊਨ ਹੁਸ਼ਿਆਰਪੁਰ ਦੀ ਮੰਥਲੀ ਮੀਟਿੰਗ ਦਾ ਆਯੋਜਨ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਵਿਸ਼ਵ ਹਿਰਦਾ ਦਿਵਸ ਦੇ ਉਪਲਕਸ਼ ਵਿੱਚ 28 ਸਤੰਬਰ (ਐਤਵਾਰ) ਨੂੰ ਇਕ ਵੱਡਾ ਸਿਹਤ ਜਾਂਚ ਕੈਂਪ ਲਗਾਇਆ ਜਾਵੇਗਾ।
ਇਸ ਕੈਂਪ ਦਾ ਆਯੋਜਨ ਕੈਪਿਟਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਕੈਂਪ ਵਿੱਚ ਹਿਰਦੇ ਰੋਗ ਵਿਸ਼ੇਸ਼ਗਿਆਨ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੇ ਮਰੀਜ਼ਾਂ ਦੇ ਈਸੀਜੀ ਤੇ ਖੂਨ ਦੀ ਜਾਂਚ ਵੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ।

ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣਾ ਅਤੇ ਹਿਰਦੇ ਰੋਗਾਂ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਦਿਨ ਕੈਂਪ ਦਾ ਲਾਭ ਲੈਣ ਅਤੇ ਸਮੇਂ ‘ਤੇ ਜਾਂਚ ਕਰਵਾ ਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ।
ਇਸ ਮੌਕੇ ਸਕੱਤਰ ਇੰਦਰਪਾਲ ਸਿੰਘ ਸਚਦੇਵਾ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ-ਸਮੇਂ ਤੇ ਅਜੇਹੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ, ਜਿਸ ਨਾਲ ਸਮਾਜ ਦੇ ਲੋੜਵੰਦ ਵਰਗ ਨੂੰ ਸਿੱਧਾ ਲਾਭ ਮਿਲਦਾ ਹੈ। ਮੀਟਿੰਗ ਵਿੱਚ ਡੀ.ਪੀ. ਕਾਠੂਰੀਆ, ਰਜਨੀਸ਼ ਗੁਲਿਆਨੀ, ਐਚ.ਐਸ. ਓਬਰਾਏ, ਜਗਮੀਤ ਸਿੰਘ ਸੈਠੀ, ਬਿੰਦਰ ਸਿੰਘ, ਏ.ਐਸ. ਅਨੇਜਾ, ਸੰਜੀਵ ਓਹਰੀ, ਮਨੋਜ ਓਹਰੀ, ਵਿਕਰਮ ਸ਼ਰਮਾ, ਕੁਲਜੀਤ ਸਿੰਘ ਸੈਣੀ, ਰਾਜੇਸ਼ ਗੁਪਤਾ, ਪਰਵੀਨ ਪਾਲਿਆਲ ਸਮੇਤ ਹੋਰ ਮੈਂਬਰ ਹਾਜ਼ਰ ਸਨ।

ਮੀਟਿੰਗ ਵਿੱਚ ਇਹ ਵੀ ਨਿਰਣਯ ਲਿਆ ਗਿਆ ਕਿ ਕਲੱਬ ਵੱਲੋਂ 7 ਨਵੰਬਰ ਨੂੰ ਪਿੰਡ ਚੱਬੇਵਾਲ ਵਿੱਚ ਮੇਗਾ ਮੁਫ਼ਤ ਨੇਤਰ ਜਾਂਚ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਰੋਟਰੀ ਕਲੱਬ ਵਾਰਵਿਕ ਇੰਗਲੈਂਡ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਕੈਂਪ ਵਿੱਚ ਸਾਰੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਲੈਂਸ ਉਪਲਬਧ ਕਰਵਾਏ ਜਾਣਗੇ। ਕਲੱਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਖਾਂ ਦੀ ਰੌਸ਼ਨੀ ਨਾਲ ਸੰਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪਿੰਡਾਂ ਦੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਇਹ ਪਹਲ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ।

ਕੈਪਿਟਲ ਹਸਪਤਾਲ ਜਲੰਧਰ ਦੇ ਮਾਰਕੀਟਿੰਗ ਹੈੱਡ ਏ.ਐਸ. ਕਪੂਰ ਨੇ ਕਿਹਾ ਕਿ ਹਸਪਤਾਲ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦਾ ਹੈ ਅਤੇ ਰੋਟਰੀ ਕਲੱਬ ਵਰਗੀਆਂ ਸੰਸਥਾਵਾਂ ਨਾਲ ਮਿਲ ਕੇ ਲੋਕ ਭਲਾਈ ਦੇ ਕੰਮ ਕਰਨਾ ਉਹਨਾਂ ਲਈ ਮਾਣ ਦੀ ਗੱਲ ਹੈ।ਰੋਟਰੀ ਕਲੱਬ ਮਿਡਟਾਊਨ ਦੀ ਇਸ ਪਹਲ ਦੀ ਸ਼ਹਿਰ ਵਾਸੀਆਂ ਵੱਲੋਂ ਸਰਾਹਨਾ ਕੀਤੀ ਗਈ ਹੈ। ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜ ਨਾ ਸਿਰਫ਼ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ, ਸਗੋਂ ਸਮਾਜ ਵਿੱਚ ਸਿਹਤ ਅਤੇ ਸੇਵਾ ਦੀ ਅਲਖ ਵੀ ਜਗਾ ਰਹੇ ਹਨ।



