Hoshairpur

ਮਹਾਵੀਰ ਸੇਤੂ ਦੇ ਨਾਲ ਬਣੇ ਕਾਜ਼ਵੇਅ ਦੀ ਮੁਰੰਮਤ ਪਹਿਲ ਦੇ ਆਧਾਰ ‘ਤੇ ਕੀਤੀ ਜਾਵੇਗੀ : ਵਿਧਾਇਕ ਜਿੰਪਾ

ਹੁਸ਼ਿਆਰਪੁਰ, 14 ਸਤੰਬਰ: ( ਹਰਪਾਲ ਲਾਡਾ ): ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਐਤਵਾਰ ਨੂੰ ਭੰਗੀ ਚੋਅ ਪੁਲ (ਮਹਾਵੀਰ ਸੇਤੂ) ਦੇ ਨਾਲ ਬਣੇ ਕਾਜ਼ਵੇਅ ਦਾ ਦੌਰਾ ਕੀਤਾ ਅਤੇ ਮੌਕੇ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਕਾਜ਼ਵੇਅ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਾਜ਼ਵੇਅ ਦੇ ਦੋਵੇਂ ਪਾਸੇ ਬਹੁਤ ਡੂੰਘੇ ਹੋ ਗਏ ਹਨ, ਜਿਸ ਕਾਰਨ ਸਥਾਨਕ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ।

ਨਿਰੀਖਣ ਦੌਰਾਨ ਵਿਧਾਇਕ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਸਬੰਧ ਵਿਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਜਲ ਸਰੋਤ ਮੰਤਰੀ ਨੇ ਵਿਭਾਗੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਅਤੇ ਭਰੋਸਾ ਦਿੱਤਾ ਕਿ ਕਾਜ਼ਵੇਅ ਅਤੇ ਇਸ ਦੇ ਪਾਸਿਆਂ ਦੀ ਮੁਰੰਮਤ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ।

ਵਿਧਾਇਕ ਜਿੰਪਾ ਨੇ ਕਿਹਾ ਕਿ ਭੰਗੀ ਚੋਅ ਖੇਤਰ ਵਿਚ ਕੁਝ ਦਿਨਾਂ ਵਿਚ ਪ੍ਰਸਿੱਧ ਦੁਸਹਿਰਾ ਮੇਲਾ ਲਗਾਇਆ ਜਾਣਾ ਹੈ, ਜਿਥੇ ਲੱਖਾਂ ਸ਼ਰਧਾਲੂ ਪਹੁੰਚਦੇ ਹਨ। ਅਜਿਹੀ ਸਥਿਤੀ ਵਿਚ ਇਸ ਰਸਤੇ ਦੀ ਮਜ਼ਬੂਤੀ ਅਤੇ ਸੁਰੱਖਿਅਤ ਆਵਾਜਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਲੋਕਾਂ ਦੀ ਸੁਰੱਖਿਆ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ, ਕਾਰਜਕਾਰੀ ਇੰਜੀਨੀਅਰ ਨਗਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਬਲਾਕ ਪ੍ਰਧਾਨ ਜਸਪਾਲ ਸੁਮਨ, ਕੌਂਸਲਰ ਮੁਕੇਸ਼ ਮੱਲ, ਕੌਂਸਲਰ ਮਨਜੀਤ, ਵਾਰਡ ਪ੍ਰਧਾਨ ਜੋਗਿੰਦਰ ਰਾਜਾ, ਸੁਰਿੰਦਰ ਭੋਗਲ, ਰਚਨਾ ਅੱਤਰੀ ਅਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page