ਵਿਧਾਨ ਸਭਾਵਾਂ ਵਿਚ ਚਰਚਾਵਾਂ ਤੇ ਵਿਚਾਰ-ਵਟਾਂਦਰੇ ਹੀ ਲੋਕਤੰਤਰ ਦੀ ਰੂਹ ਹਨ : ਡਿਪਟੀ ਸਪੀਕਰ ਰੌੜੀ


ਹੁਸ਼ਿਆਰਪੁਰ, 14 ਸਤੰਬਰ ( ਹਰਪਾਲ ਲਾਡਾ ): ਕਰਨਾਟਕ ਵਿਧਾਨ ਸਭਾ ਵਿਚ 11 ਤੋਂ 13 ਸਤੰਬਰ ਤੱਕ ਆਯੋਜਿਤ 11ਵੀਂ ਸੀ,ਪੀ.ਏ ਇੰਡੀਆ ਰੀਜਨ ਕਾਨਫਰੰਸ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮਹੱਤਵਪੂਰਨ ਕਾਨਫਰੰਸ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸਪੀਕਰਾਂ, ਡਿਪਟੀ ਸਪੀਕਰਾਂ ਅਤੇ ਵਿਧਾਇਕਾਂ ਨੇ ਭਾਗ ਲਿਆ।

ਇਸ ਦੌਰਾਨ ਸਦਨ ਨੂੰ ਸੰਬੋਧਨ ਕਰਦੇ ਹੋਏ ਰੌੜੀ ਨੇ ਕਿਹਾ ਕਿ ਚਰਚਾਵਾਂ ਤੇ ਵਿਚਾਰ-ਵਟਾਂਦਰੇ ਲੋਕਤੰਤਰ ਦੀ ਰੂਹ ਹਨ, ਕਿਉਂਕਿ ਇਹ ਨਾ ਸਿਰਫ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ, ਸਗੋਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਸਭ ਤੋਂ ਵੱਡਾ ਸਾਧਨ ਵੀ ਹਨ।
ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਵੱਡੀ ਮਾਣ ਦੀ ਗੱਲ ਹੈ ਕਿ ਅੱਜ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਲੋਕਤੰਤਰ ਸਿਰਫ਼ ਵੋਟ ਦੇ ਅਧਿਕਾਰ ਤੱਕ ਸੀਮਿਤ ਨਹੀਂ, ਸਗੋਂ ਚੁਣੇ ਪ੍ਰਤੀਨਿਧੀਆਂ ਵੱਲੋਂ ਦੇਸ਼ ਅਤੇ ਰਾਜਾਂ ਦੇ ਮਹੱਤਵਪੂਰਨ ਮੁੱਦਿਆਂ ’ਤੇ ਖੁੱਲ੍ਹ ਕੇ ਤੇ ਨਿਰਪੱਖ ਚਰਚਾ ਕਰਨੀ ਹੀ ਉਸਦੀ ਅਸਲੀ ਸਫਲਤਾ ਹੈ।

ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਵਿਧਾਨ ਸਭਾਵਾਂ ਸਿਰਫ਼ ਕਾਨੂੰਨ ਬਣਾਉਣ ਦਾ ਮੰਚ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਆਵਾਜ਼ ਨੂੰ ਉੱਚਾ ਪਹੁੰਚਾਉਣ ਦਾ ਸਭ ਤੋਂ ਵੱਡਾ ਪਲੇਟਫਾਰਮ ਹਨ। ਸਦਨ ਦੀ ਹਰ ਚਰਚਾ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਲਿਆਉਂਦੀ ਹੈ, ਲੋਕਾਂ ਨੂੰ ਜੋੜਦੀ ਹੈ ਅਤੇ ਸਰਕਾਰਾਂ ਨੂੰ ਲੋਕ-ਹਿਤ ਵਿਚ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ।

ਰੌੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਪਸੀ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਵਿਵਾਦਾਂ ਨੂੰ ਸਾਂਝੀ ਸਹਿਮਤੀ ਨਾਲ ਸੁਲਝਾਉਣ ਦਾ ਸਭ ਤੋਂ ਵੱਡਾ ਸਾਧਨ ਹਨ। ਇਹੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ, ਜੋ ਚੰਗੇ ਕਾਨੂੰਨ, ਚੰਗੀਆਂ ਨੀਤੀਆਂ ਅਤੇ ਚੰਗੇ ਪ੍ਰਸ਼ਾਸਨ ਦਾ ਰਾਹ ਸਾਫ਼ ਕਰਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕਤੰਤਰ ਵਿਚ ਵਿਧਾਨ ਸਭਾਵਾਂ ਦਾ ਰੋਲ ਸਿਰਫ਼ ਨੀਤੀਆਂ ਬਣਾਉਣ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਲੋਕਤੰਤਰਕ ਮੁੱਲਾਂ ਨਾਲ ਜੋੜਨਾ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਵੀ ਹੈ।
ਕਾਨਫਰੰਸ ਦੌਰਾਨ ਹੋਰ ਰਾਜਾਂ ਤੋਂ ਆਏ ਪ੍ਰਤੀਨਿਧੀਆਂ ਨੇ ਵੀ ਲੋਕਤੰਤਰ ਦੇ ਮਜ਼ਬੂਤੀਕਰਨ ਲਈ ਵਿਚਾਰ ਸਾਂਝੇ ਕੀਤੇ ਅਤੇ ਇਕ-ਦੂਜੇ ਦੇ ਤਜ਼ਰਬਿਆਂ ਤੋਂ ਸਿੱਖਣ ਦੀ ਅਪੀਲ ਕੀਤੀ।



