Hoshairpur

ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਫ੍ਰੀ-ਹੋਲਡ ਜਾਇਦਾਦਾਂ ਦੀ ਈ-ਨਿਲਾਮੀ ਦਾ ਐਲਾਨ : ਗੁਰਵਿੰਦਰ ਸਿੰਘ ਪਾਬਲਾ

ਹੁਸ਼ਿਆਰਪੁਰ, 25 ਜੁਲਾਈ ( ਹਰਪਾਲ ਲਾਡਾ ): ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਾਂਹਵਧੂ ਸੋਚ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਮਾਰਗਦਰਸ਼ਨ ਅਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਹਿੱਤ ਵੱਖ-ਵੱਖ ਯੋਜਨਾਵਾਂ ਤਹਿਤ ਫ੍ਰੀ-ਹੋਲਡ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਈ-ਨਿਲਾਮੀ ਕਰਵਾਉਣ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਸਕੀਮ ਨੰਬਰ 2 ( ਰਾਜੀਵ ਗਾਂਧੀ ਐਵੇਨਿਊ) ਤਹਿਤ ਵੱਖ-ਵੱਖ ਆਕਾਰਾਂ ਦੇ 11 ਰਿਹਾਇਸ਼ੀ ਪਲਾਟ, ਇਕ ਹੈਲਥ ਸੈਂਟਰ, ਇਕ ਪ੍ਰਾਈਵੇਟ ਸਕੂਲ ਅਤੇ ਇਕ ਬਣੀ ਦੁਕਾਨ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਸੇ ਤਰ੍ਹਾਂ ਸਕੀਮ ਨੰਬਰ 10 (ਡਾ. ਅੰਬੇਡਕਰ ਨਗਰ) ਵਿਚ ਇਕ ਰਿਹਾਇਸ਼ੀ ਪਲਾਟ ਜਦਕਿ ਸਕੀਮ ਨੰਬਰ 11 (ਸੰਤ ਹਰਚੰਦ ਸਿੰਘ ਲੌਂਗੋਵਾਲ ਨਗਰ) ਤਹਿਤ ਡੀ.ਸੀ ਦਫ਼ਤਰ ਦੇ ਕੋਲ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ ਪਹਿਲੀ ਮੰਜ਼ਿਲ ‘ਤੇ ਬਣੀਆਂ 20 ਦੁਕਾਨਾਂ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਇਸੇ ਈ-ਆਕਸ਼ਨ ਰਾਹੀਂ ਸੰਪੰਨ ਹੋਵੇਗੀ।

ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਅੱਗੇ ਦੱਸਿਆ ਕਿ ਇਸ ਈ-ਨਿਲਾਮੀ ਵਿਚ ਭਾਗ ਲੈਣ ਲਈ ਚਾਹਵਾਨ ਨਾਗਰਿਕਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 19 ਜੁਲਾਈ 2025 ਸਵੇਰੇ 10 ਵਜੇ ਤੋਂ ਆਰੰਭ ਹੋ ਚੁੱਕੀ ਹੈ, ਜੋ 9 ਅਗਸਤ 2025 ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਰਜਿਸਟਰਡ ਬਿਨੈਕਾਰ 18 ਅਗਸਤ, 2025 ਨੂੰ ਸਵੇਰੇ 9 ਵਜੇ ਤੋਂ 20 ਅਗਸਤ, 2025 ਨੂੰ ਸ਼ਾਮ 5 ਵਜੇ ਤੱਕ ਆਨਲਾਈਨ ਮਾਧਿਅਮ ਨਾਲ ਬੋਲੀ ਲਗਾ ਸਕਣਗੇ। ਈ-ਨਿਲਾਮੀ ਨਾਲ ਜੁੜੀ ਸਾਰੀ ਜਾਣਕਾਰੀ, ਨਿਯਮ ਅਤੇ ਸ਼ਰਤਾਂ ਵਿਭਾਗ ਦੇ ਪੋਰਟਲ https://www.tenderwizard.com/DLGP ‘ਤੇ ਉਪਲਬੱਧ ਹਨ।

ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਈ-ਨਿਲਾਮੀ ਵਿਚ ਵੱਧ-ਚੜ੍ਹ ਕੇ ਭਾਗ ਲੈਣ, ਜਿਸ ਨਾਲ ਨਗਰ ਸੁਧਾਰ ਟਰੱਸਟ ਆਪਣੇ ਆਰਥਿਕ ਸਰੋਤਾਂ ਨੂੰ ਮਜ਼ਬੂਤ ਕਰਕੇ ਹੁਸ਼ਿਆਰਪੁਰ ਸ਼ਹਿਰ ਦੇ ਸਰਵਪੱਖੀ ਵਿਕਾਸ ਵਿਚ ਯੋਗਦਾਨ ਦੇ ਸਕੇ ਅਤੇ ਇਥੋਂ ਦੇ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਉਪਲਬੱਧ ਹੋ ਸਕਣ। ਚੇਅਰਮੈਨ ਨੇ ਵਿਸ਼ਵਾਸ ਦਿਵਾਇਆ ਕਿ ਇਹ ਯਤਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਵਿਕਾਸ ਮੁਖੀ ਸੋਚ ਨੂੰ ਲੋਕਾਂ ਦੇ ਸਹਿਯੋਗ ਰਾਹੀਂ ਹੋਰ ਵੀ ਮਜ਼ਬੂਤ ਬਣਾਉਣ ਵਿਚ ਸਹਾਈ ਸਿੱਧ ਹੋਵੇਗਾ।

Related Articles

Leave a Reply

Your email address will not be published. Required fields are marked *

Back to top button

You cannot copy content of this page