Hoshairpur

‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਮਿਲਿਆ ਸਨਮਾਨ, ਸਮਾਜ ਸੇਵਾ ਦੀ ਚੁਕਾਈ ਸਹੁੰ

ਹੁਸ਼ਿਆਰਪੁਰ, 18 ਜੁਲਾਈ ( ਹਰਪਾਲ ਲਾਡਾ ): ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕ੍ਰਾਸ ਸੋਸਾਇਟੀ ਹੁਸ਼ਿਆਰਪੁਰ ਦੇ ਸਾਂਝੇ ਸਹਿਯੋਗ ਨਾਲ ਅੱਜ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ‘ਰਾਈਜ਼ਿੰਗ ਰੇਜ਼ – ਦਿ ਯੰਗ ਚੇਂਜਮੇਕਰ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੌਜੂਦ ਰਹੇ, ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਵੱਖ-ਵੱਖ ਉਦਯੋਗਾਂ ਦੇ ਸੀ.ਐਸ.ਆਰ ਮੁਖੀ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ, ਐਨ.ਜੀ.ਓਜ਼ ਦੇ ਮੈਂਬਰ, ਸਕੂਲ ਪ੍ਰਬੰਧਕ, ਸਿੱਖਿਆ ਵਰਗ ਅਤੇ ਵਿਦਿਆਰਥੀ-ਵਿਦਿਆਰਥਣਾਂ ਮੌਜੂਦ ਸਨ।

ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ‘ਚ ਹੋਇਆ ‘ਰਾਈਜ਼ਿੰਗ ਰੇਜ਼ – ਦਾ ਯੰਗ ਚੇਂਜਮੇਕਰ’ ਪ੍ਰੋਗਰਾਮ

ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੋਸ਼ਨ ਨਾਲ ਹੋਈ ਅਤੇ ਇਸ ਤੋਂ ਬਾਅਦ ਜੈਮਸ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਪੇਸ਼ ਕਰਕੇ ਅਧਿਆਤਮਿਕ ਊਰਜਾ ਨਾਲ ਭਰਪੂਰ ਮਾਹੌਲ ਪੇਸ਼ ਕੀਤਾ। ਅੰਕੁਰ ਥਿਏਟਰ ਦੇ ਕਲਾਕਾਰਾਂ ਨੇ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਇਕ ਨੁੱਕੜ ਨਾਟਕ ਰਾਹੀਂ ਸਮਾਜ ਵਿਚ ਸਕਾਰਾਤਮਕ ਬਦਲਾਅ ਦੀ ਜ਼ਰੂਰਤ ‘ਤੇ ਇਕ ਪ੍ਰੇਰਣਾਦਾਇਕ ਪੇਸ਼ਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਸਮਾਜਿਕ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਮੁਹਿੰਮ ਦੇ ਅਗਲੇ ਪੜਾਅ ‘ਚ ਮਾਤਾ ਚਿੰਤਪੁਰਨੀ ਮੇਲੇ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਅਤੇ ਫ਼ਸਲੀ ਰਹਿੰਦ-ਖੂੰਹਦ ‘ਚ ਸਹਿਯੋਗ ਦੇਣ ਦੀ ਅਪੀਲ

ਵਾਤਾਵਰਨ ਖੇਤਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਮੰਜ ਦੀਆਂ ਲਵਪ੍ਰੀਤ ਕੌਰ ਅਤੇ ਨਵਨੀਤ ਕੌਰ, ਰਹਿੰਦ-ਖੂੰਹਦ ਪ੍ਰਬੰਧਨ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ ਅਮਾਨਤ ਮਹਿਤਾ, ਪਾਣੀ ਸੰਭਾਲ ਵਿਚ ਕੈਂਬਰਿਜ ਓਵਰਸੀਜ਼ ਸਕੂਲ ਦੇ ਵਿਸ਼ਵਦੀਪ ਸ਼ਰਮਾ, ਸਫ਼ਾਈ ਵਿਚ ਦਸਮੇਸ਼ ਪਬਲਿਕ ਸਕੂਲ ਦੀ ਇਸ਼ਾਨਵੀ, ਹਾਸ਼ੀਏ ‘ਤੇ ਚੱਲ ਰਹੇ ਭਾਈਚਾਰੇ ਦੀ ਭਲਾਈ ਵਿਚ ਮਾਊਂਂਟ ਕਾਰਮਲ ਦੀ ਚਰਨਪ੍ਰੀਤ ਕੌਰ, ਰਾਹਤ ਕਾਰਜ ਵਿਚ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਸ਼੍ਰੀਸ਼ਾ ਗੁਪਤਾ, ਸਿੱਖਿਆ ਵਿਚ ਮਨਕਰਨ ਕੌਰ, ਪਸ਼ੂ ਅਤੇ ਪੰਛੀਆਂ ਦੀ ਦੇਖਭਾਲ ਵਿਚ ਸਰਕਾਰੀ ਹਾਈ ਸਕੂਲ ਭੀਖੋਵਾਲ ਦੀਆਂ ਸੁਖਵਿੰਦਰ ਕੌਰ, ਅੰਜਲੀ ਅਤੇ ਦਿਲਪ੍ਰੀਤ ਅਤੇ ਆਲਰਾਊਂਡਰ ਸ਼੍ਰੇਣੀ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ ਜ਼ੋਰਾਵਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਛੋਟੇ-ਛੋਟੇ ਯਤਨ ਸਮਾਜ ਵਿਚ ਵੱਡੇ ਬਦਲਾਅ ਲਿਆ ਸਕਦੇ ਹਨ। ਸਮਾਜਿਕ ਗਤੀਵਿਧੀਆਂ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਰਾਹੀਂ ਨੌਜਵਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹਨ ਅਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਬਣਦੇ ਹਨ। ਉਨ੍ਹਾਂ ਕਿਹਾ ਕਿ ‘ਚੜ੍ਹਦਾ ਸੂਰਜ’ ਮੁਹਿੰਮ ਦਾ ਉਦੇਸ਼ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਰੈੱਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ਇਕ ਡਿਜੀਟਲ ਅਤੇ ਸਮਾਜਿਕ ਪਲੇਟਫਾਰਮ ਵਜੋਂ ਚਲਾਈ ਜਾ ਰਹੀ ਹੈ, ਜੋ ਵਾਤਾਵਰਨ, ਸਿਹਤ, ਸਿੱਖਿਆ, ਪਸ਼ੂ-ਪੰਛੀ ਭਲਾਈ ਅਤੇ ਸਮਾਜਿਕ ਨਿਆਂ ਵਰਗੇ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਨਤਾ ਦੇਣ ਲਈ ਕੰਮ ਕਰ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਚੜ੍ਹਦਾ ਸੂਰਜ’ ਮੁਹਿੰਮ ਦੇ ਅਗਲੇ ਪੜਾਅ ਵਿਚ, ਮਾਤਾ ਚਿੰਤਪੁਰਨੀ ਮੇਲੇ ਨੂੰ ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਅਤੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਦਿਸ਼ਾ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਪ੍ਰੋਗਰਾਮ ਵਿਚ ‘ਵਿੰਗਜ਼’ ਗਰੁੱਪ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਜਿਸ ਦੀ ਦਰਸ਼ਕਾਂ ਵੱਲੋਂ ਬਹੁਤ ਪ੍ਰਸੰਸਾ ਕੀਤੀ ਗਈ। ਇਸ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਥੀਮ ਗੀਤ ‘ਚੜ੍ਹਦਾ ਸੂਰਜ’ ਐਲ.ਈ.ਡੀ ਦੀਵਾਰ ‘ਤੇ ਲਾਂਚ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਹਾਜ਼ਰ ਸਾਰੇ ਲੋਕਾਂ ਨੂੰ ਸਮਾਜ ਸੇਵਾ ਦੀ ਸਹੁੰ ਚੁਕਾਈ। ਪ੍ਰੋਗਰਾਮ ਦਾ ਅੰਤ ‘ਜੈਮਜ਼ ਬੈਂਡ’ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਇਆ, ਜਿਸ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।

ਇਸ ਮੌਕੇ ਡੀ.ਐਸ.ਪੀ ਮਨਪ੍ਰੀਤ ਸ਼ੀਮਾਰ, ਸਿਵਲ ਸਰਜਨ ਡਾ. ਪਵਨ ਕੁਮਾਰ, ਡੀ.ਡੀ.ਐਫ ਜ਼ੋਇਆ ਸਿਦੀਕੀ, ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ, ਰੈੱਡ ਕ੍ਰਾਸ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਅਦਿੱਤਿਆ ਰਾਣਾ ਸਮੇਤ ਸੋਨਾਲੀਕਾ, ਵਾਸਲ ਐਜੂਕੇਸ਼ਨ ਸੁਸਾਇਟੀ, ਲੁਧਿਆਣਾ ਬ੍ਰੇਵਰੇਜਜ਼, ਵਰਧਮਾਨ ਯਾਰਨਸ, ਸੈਂਚੁਰੀ ਪਲਾਈਵੁੱਡ, ਕੁਆਂਟਮ ਪੇਪਰ ਮਿਲ, ਜੀ ਐਨ.ਏ ਐਕਸਲ, ਹਾਕਿੰਗਜ਼, ਰਿਲਾਇੰਸ ਇੰਡਸਟਰੀ, ਊਸ਼ਾ ਮਾਰਟਿਨ, ਉੱਨਤੀ ਕੋਆਪ੍ਰੇਟਿਵ ਸੁਸਾਇਟੀ ਦੇ ਨੁਮਾਇੰਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button

You cannot copy content of this page