ਅਜਨਾਲਾ ਹਲਕੇ ਦੇ 12 ਪਿੰਡਾਂ ‘ਚ ਪਹਿਲੇ ਪੜਾਅ ਅਧੀਨ ਬਣਨਗੇ ਮਾਡਰਨ ਖੇਡ ਮੈਦਾਨ: ਧਾਲੀਵਾਲ


ਅਜਨਾਲਾ, 13 ਜੁਲਾਈ 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਵਾਨਾਂ ਅਤੇ ਖਿਡਾਰੀਆਂ ਲਈ ਕੀਤੇ ਗਏ ਐਲਾਨ ਕਿ ਪੰਜਾਬ ਦੇ ਪਿੰਡਾਂ ਵਿੱਚ 4000 ਮਾਡਰਨ ਖੇਡ ਮੈਦਾਨ ਬਣਾਏ ਜਾਣਗੇ, ਦਾ ਸਵਾਗਤ ਕਰਦੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਪੜਾਅ ਵਿੱਚ ਅਜਨਾਲਾ ਹਲਕੇ ਦੇ 12 ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ।
ਉਨ੍ਹਾਂ ਪਿੰਡ ਭੱਖਾ ਵਿਖੇ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਦੇਸ਼ ਲਈ ਖੇਡ ਚੁੱਕੇ ਹੋਏ ਖਿਡਾਰੀਆਂ ਨੂੰ ਨੌਜਵਾਨਾਂ ਦੀ ਕੋਚਿੰਗ ਲਈ ਰੱਖਿਆ ਜਾਵੇਗਾ, ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਖੇਡਾਂ ਦਾ ਵਧੀਆ ਮਾਹੌਲ ਮਿਲ ਸਕੇ। ਸ ਧਾਲੀਵਾਲ ਨੇ ਦੱਸਿਆ ਕਿ ਇੰਨਾ ਪਿੰਡਾਂ ਵਿੱਚ ਖਤਰਾਏ ਕਲਾਂ, ਚੇਤਨਪੁਰਾ, ਦੁਹਰਾਏ, ਕੰਦੋਵਾਲੀ, ਮਹਿਲਾਂਵਾਲਾ, ਸੰਗਤਪੁਰਾ, ਭਲਾ ਪਿੰਡ, ਘੁੱਕੇਵਾਲੀ, ਲਸ਼ਕਰੀ ਨੰਗਲ, ਸਹਿਸਰਾ ਕਲਾਂ, ਝੰਡੇਰ ਅਤੇ ਉੱਗਰ ਔਲਖ ਸ਼ਾਮਿਲ ਹਨ।

ਉਹਨਾਂ ਨੇ ਕਿਹਾ, “ਅਸੀਂ ਬੱਚਿਆਂ ਨੂੰ ਖੇਡਾਂ ਦਾ ਮਾਹੌਲ ਦਿਆਂਗੇ ਅਤੇ ਖਿਡਾਰੀਆਂ ਨੂੰ ਤਿਆਰੀ ਲਈ ਪੈਸੇ ਵੀ ਦਿੱਤੇ ਜਾਣਗੇ ।ਇਸ ਤਰ੍ਹਾਂ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਹੋਰ ਚੰਗੇ ਖਿਡਾਰੀ ਤਿਆਰ ਹੋ ਸਕਣ।
ਉਨ੍ਹਾਂ ਦੱਸਿਆ ਕਿ ਇਸ ਯਤਨ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ ਅਤੇ ਪੰਜਾਬ ਦਾ ਨਾਂ ਖੇਡਾਂ ਦੀ ਦੁਨੀਆ ਵਿੱਚ ਹੋਰ ਉੱਚਾਈਆਂ ‘ਤੇ ਪਹੁੰਚੇਗਾ।

ਉਹਨੇ ਦੱਸਿਆ ਕਿ ਉਕਤ ਪਿੰਡਾਂ ਵਿੱਚੋਂ ਕਈ ਖੇਡ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀਆਂ ਦਾ ਕੰਮ ਛੇਤੀ ਸ਼ੁਰੂ ਕਰਾ ਕੇ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਛੇਤੀ ਤੋਂ ਛੇਤੀ ਇਹ ਮੈਦਾਨ ਪਿੰਡ ਵਾਸੀਆਂ ਨੂੰ ਸੌਂਪ ਸਕੀਏ ਤਾਂ ਜੋ ਸਾਡੇ ਬੱਚੇ ਇਹਨਾਂ ਮੈਦਾਨਾਂ ਵਿੱਚ ਆਪਣਾ ਅਭਿਆਸ ਸ਼ੁਰੂ ਕਰ ਸਕਣ।




