ਪੰਜਾਬ

ਟਰੈਕਟਰਾਂ ਅਤੇ ਸਬੰਧਤ ਸੰਦਾਂ ਨਾਲ ਖ਼ਤਰਨਾਕ ਸਟੰਟ ਕਰਨ ‘ਤੇ ਪਾਬੰਦੀ

ਸ਼ਹੀਦ ਭਗਤ ਸਿੰਘ ਨਗਰ, 12 ਜੁਲਾਈ ( ਹਰਪਾਲ ਲਾਡਾ ): ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਤ ਸੰਦਾਂ ਨਾਲ ਖ਼ਤਰਨਾਕ ਪ੍ਰਦਰਸ਼ਨ/ਸਟੰਟ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-5 ਸ਼ਾਖਾ) ਦੇ ਉੱਪ ਸਕੱਤਰ ਵੱਲੋਂ ਜਾਰੀ ਪੱਤਰ ਰਾਹੀਂ ਲਿਖਿਆ ਹੈ ਕਿ ਰਾਜ ਵਿਚ ਬੀਤੇ ਦਿਨੀਂ ਕੁਝ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਟਰੈਕਟਰ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇਕ ਨੌਜਵਾਨ ਦੀ ਮੌਤ ਵੀ ਹੋਈ ਹੈ। ਇਸ ਲਈ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 12 ਸਤੰਬਰ2025 ਤੱਕ ਲਾਗੂ ਰਹੇਗਾ।

ਜ਼ਿਲ੍ਹੇ ਅੰਦਰ ਡੀਲਿਸਟ ਖੇਤਰ ‘ਚੋਂ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ

ਸ਼ਹੀਦ ਭਗਤ ਸਿੰਘ ਨਗਰ, 12 ਜੁਲਾਈ: ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਡੀਲਿਸਟ ਏਰੀਏ ਵਿਚੋਂ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਬਹੁਤ ਹੀ ਮਹੱਤਵਪੂਰਨ ਰੁੱਖਾਂ ਦੇ ਕੱਟਣ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮਾਂ ਅਨੁਸਾਰ ਜੇਕਰ ਉਕਤ ਰੁੱਖਾਂ ਨੂੰ ਕਿਸੇ ਵਿਸ਼ੇਸ਼ ਹਾਲਾਤ ਵਿਚ ਕੱਟਣਾ ਜ਼ਰੂਰੀ ਹੋਵੇ, ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹੀ ਪ੍ਰਕਿਰਿਆ ਅਪਣਾਈ ਜਾਵੇਗੀ, ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ 1900 ਦਫ਼ਾ-4 ਅਤੇ 5 ਅਧੀਨ ਬੰਦ ਰਕਬੇ ਵਿਚ ਪਰਮਿਟ ਦੇਣ ਲਈ ਅਪਣਾਈ ਜਾਂਦੀ ਹੈ। ਜੇਕਰ ਡੀਲਿਸਟ ਏਰੀਏ ਤੋਂ ਇਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਿਸੇ ਵੀ ਜਗ੍ਹਾਂ ‘ਤੇ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਦਰਖੱਤਾਂ ਨੂੰ ਕੱਟਣਾ ਜ਼ਰੂਰੀ ਹੋਵੇ ਤਾਂ ਉਸ ਦੀ ਪ੍ਰਵਾਨਗੀ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਤੋਂ ਮਿਲਣ ਉਪਰੰਤ ਹੀ ਕੱਟੇ ਜਾਣ।

ਜਿਕਰਯੋਗ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਹ ਦਰੱਖਤ ਪ੍ਰਾਚੀਨ ਸਮੇਂ ਤੋਂ ਹੀ ਧਾਰਮਿਕ ਮਹੱਤਤਾ ਰੱਖਦੇ ਹਨ ਅਤੇ ਇਨ੍ਹਾਂ ਦਾ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿਚ ਵੱਡਾ ਯੋਗਦਾਨ ਹੈ ਅਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਵੀ ਆਮ ਤੌਰ ’ਤੇ ਇਨ੍ਹਾਂ ਵੱਡੇ ਦਰੱਖਤਾਂ ’ਤੇ ਹੁੰਦਾ ਹੈ। ਇਹ ਹੁਕਮ 12 ਸਤੰਬਰ, 2025 ਤੱਕ ਲਾਗੂ ਰਹਿਣਗੇ।

Related Articles

Leave a Reply

Your email address will not be published. Required fields are marked *

Back to top button

You cannot copy content of this page