ਪੰਜਾਬ

ਚਾਂਦਪੁਰਾ ਸਾਈਫਨ ‘ਚ ਪਾਣੀ 2700 ਕਿਉਸਿਕ ਤੋਂ ਘਟ ਕੇ 700 ਕਿਉਸਿਕ ਹੋਇਆ: ਡੀ.ਸੀ.

ਮਾਨਸਾ ( ਹਰਪਾਲ ਲਾਡਾ ): ਬਰਸਾਤ ਦੇ ਮੌਸਮ ਦੌਰਾਨ ਚਾਂਦਪੁਰਾ ਸਾਈਫਨ ਵਿਚ ਪਿਛਲੇ ਦਿਨਾਂ ਦੌਰਾਨ ਪਾਣੀ 2700 ਕਿਊਸਿਕ ਵਗ ਰਿਹਾ ਸੀ ਜਦਕਿ ਸਾਈਫਨ ਦੀ ਸਮਰੱਥਾ 22000 ਕਿਉਸਿਕ ਪਾਣੀ ਦੀ ਹੈ। ਇਸ ਵੇਲੇ ਸਾਈਫਨ ‘ਚ ਪਾਣੀ ਦੀ ਮਾਤਰਾ 700 ਕਿਉਸਿਕ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਘੱਗਰ ਦਰਿਆ ਵਿੱਚ ਚਾਂਦਪੁਰਾ ਸਾਈਫਨ ਨੇੜੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਘਟ ਚੁੱਕਾ ਹੈ। ਚਾਂਦਪੁਰਾ ਸਾਈਫਨ ‘ਤੇ ਇਸ ਵੇਲੇ ਪਾਣੀ ਦਾ ਪੱਧਰ ਮਾਤਰ ਅੱਧਾ ਫੁੱਟ ਹੈ ਜਦਕਿ ਖਤਰੇ ਦਾ ਨਿਸ਼ਾਨ 14 ਫੁੱਟ ‘ਤੇ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਪੁਲ ਦੇ ਨਜ਼ਦੀਕ ਪਾਣੀ ਦਾ ਪੱਧਰ ਇਸ ਵੇਲੇ 7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 23 ਫੁੱਟ ‘ਤੇ ਹੈ ।

ਉਨ੍ਹਾਂ ਦੱਸਿਆ ਕਿ ਪਾਤੜਾਂ ਦੇ ਨੇੜੇ ਖਨੌਰੀ ਬੰਨ੍ਹ ਦੇ ਅਧਿਕਾਰੀਆਂ ਅਨੁਸਾਰ ਉੱਥੇ ਵੀ ਪਾਣੀ ਦਾ ਪੱਧਰ 739.3 ਕਿਉਸਿਕ ਤੋਂ ਘਟ ਕੇ 550 ਕਿਉਸਿਕ ਹੋ ਗਿਆ ਹੈ। 08 ਜੁਲਾਈ ਨੂੰ ਭਾਖੜਾ ਡੈਮ ਤੋਂ ਪਾਣੀ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ 1680 ਫੁੱਟ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਵਾਲੇ ਭਾਖੜਾ ਡੈਮ ਦੇ ਰਿਜ਼ਰਵਾਇਰ ਵਿੱਚ ਇਸ ਵੇਲੇ 1584 ਫੁੱਟ ਪਾਣੀ ਹੈ ।

ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਮਾਰ ਸਬੰਧੀ ਸਥਿਤੀ ਖ਼ਤਰੇ ਤੋਂ ਬਾਹਰ ਹੈ, ਲੋਕਾਂ ਅਫ਼ਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਡ੍ਰੇਨੇਜ਼ ਵਿਭਾਗ ਦੇ ਸਾਰੇ ਅਧਿਕਾਰੀ ਉਨ੍ਹਾਂ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਪਾਣੀ ਦੇ ਵਧਣ ਸਬੰਧੀ ਕੋਈ ਵੀ ਸੂਚਨਾ ਉਨ੍ਹਾਂ ਦੇ ਤੁਰੰਤ ਧਿਆਨ ਹਿੱਤ ਲਿਆਂਦੀ ਜਾਵੇਗੀ ਅਤੇ ਸਾਰਾ ਪ੍ਰਸ਼ਾਸਨ ਫੌਰੀ ਕਾਰਵਾਈ ਲਈ ਤਿਆਰ ਬਰ ਤਿਆਰ ਹੈ ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਪੂਰੀ ਤਰ੍ਹਾਂ ਤਿਆਰ ਹਨ। ਉਹ ਐਕਸੀਅਨ ਡ੍ਰੇਨੇਜ਼ ਅਤੇ ਇਸ ਵਿਭਾਗ ਦੇ ਹੋਰ ਉੱਚ ਪੱਤਰ ਦੇ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ਵਿੱਚ ਹਨ ।

Related Articles

Leave a Reply

Your email address will not be published. Required fields are marked *

Back to top button

You cannot copy content of this page